ਏ.ਆਈ. ਅਤੇ ਵੁਆਇਸ-ਚੇਂਜਰ ਰਾਹੀਂ ਕਰਦੇ ਸਨ ਠੱਗੀ; 3.49 ਲੱਖ ਨਕਦੀ, 500 ਡਾਲਰ ਤੇ 29 ਮੋਬਾਈਲ ਬਰਾਮਦ
ਚੰਡੀਗੜ੍ਹ, 10 ਮਾਰਚ : ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਸੋਸ਼ਲ ਮੀਡੀਆ ’ਤੇ ਔਰਤਾਂ ਦੇ ਨਾਂ ’ਤੇ ਫ਼ਰਜ਼ੀ ਪ੍ਰੋਫਾਈਲ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਇਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਭਾਰਗਵ, ਆਕਾਸ਼ ਭਾਰਗਵ ਉਰਫ਼ ਅਮਨ ਅਤੇ ਲੱਕੀ ਭਾਰਗਵ ਵਜੋਂ ਹੋਈ ਹੈ। ਇਹ ਤਿੰਨੋਂ ਆਪਸ ’ਚ ਭਰਾ ਹਨ ਅਤੇ ਮੂਲ ਰੂਪ ’ਚ ਰਾਜਸਥਾਨ ਦੇ ਝੁੰਝੁਨੂ ਦੇ ਰਹਿਣ ਵਾਲੇ ਹਨ, ਜੋ ਕਿ ਅੱਜ-ਕੱਲ੍ਹ ਮੋਹਾਲੀ ਦੇ ਸੈਕਟਰ-70 ’ਚ ਰਹਿ ਰਹੇ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 3.49 ਲੱਖ ਰੁਪਏ ਨਕਦ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇਕ ਲੈਪਟਾਪ, ਇਕ ਡੋਂਗਲ ਅਤੇ ਇਕ ਟੈਬਲੇਟ ਬਰਾਮਦ ਕੀਤੀ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਇਹ ਮੁਲਜ਼ਮ ਇੰਸਟਾਗ੍ਰਾਮ ਅਤੇ ਵ੍ਹਟਸਐਪ ’ਤੇ ਔਰਤਾਂ ਦੇ ਨਾਂ ’ਤੇ ਫ਼ਰਜ਼ੀ ਖਾਤੇ ਬਣਾ ਕੇ ਲੋਕਾਂ ਨਾਲ ਸੰਪਰਕ ਕਰਦੇ ਸਨ। ਔਰਤ ਵਰਗੀ ਆਵਾਜ਼ ਕੱਢਣ ਲਈ ਇਹ ‘ਵੁਆਇਸ-ਚੇਂਜਿੰਗ ਸਾਫ਼ਟਵੇਅਰ’ ਦਾ ਇਸਤੇਮਾਲ ਕਰਦੇ ਸਨ ਤਾਂ ਜੋ ਪੀੜਤਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ।
ਇਸ ਤੋਂ ਬਾਅਦ ਉਹ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦੇ ਕੇ ਮੋਟੀਆਂ ਰਕਮਾਂ ਵਸੂਲਦੇ ਸਨ। ਪੁਲਸ ਮੁਤਾਬਕ ਇਸ ਗਰੋਹ ਦੇ ਫੜੇ ਜਾਣ ਨਾਲ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Read More : ਤੇਲ ਟੈਂਕਰ ਨੇ ਸਕੂਟਰੀ ਸਵਾਰ 2 ਲੜਕੀਆਂ ਨੂੰ ਕੁਚਲਿਆ, ਮੌਕੇ ’ਤੇ ਹੋਈ ਮੌਤ
