ਟਿਮ ਡੇਵਿਡ ਦੀ ਤੂਫ਼ਾਨੀ ਪਾਰੀ ਅਤੇ ਭੁਵਨੇਸ਼ਵਰ ਕੁਮਾਰ ਦਾ ਇਤਿਹਾਸਕ ਰਿਕਾਰਡ
ਬੈਂਗਲੁਰੂ : 6 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 11ਵੇਂ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਆਪਣੀ ਸਰਜ਼ਮੀਂ ‘ਤੇ ਚੇਨਈ ਸੁਪਰ ਕਿੰਗਜ਼ (CSK) ਨੂੰ 43 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਆਰ.ਸੀ.ਬੀ. ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ, ਜਦਕਿ ਚੇਨਈ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ 20 ਓਵਰਾਂ ਵਿੱਚ 3 ਵਿਕਟਾਂ ‘ਤੇ 250 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਮ ਲਈ ਟਿਮ ਡੇਵਿਡ ਨੇ ਮਹਿਜ਼ 25 ਗੇਂਦਾਂ ਵਿੱਚ 8 ਛੱਕਿਆਂ ਦੀ ਮਦਦ ਨਾਲ ਨਾਬਾਦ 70 ਦੌੜਾਂ ਬਣਾਈਆਂ। ਕਪਤਾਨ ਰਜਤ ਪਾਟੀਦਾਰ ਨੇ ਨਾਬਾਦ 48 ਦੌੜਾਂ, devdutt ਪਡਿੱਕਲ ਨੇ 50 ਦੌੜਾਂ ਅਤੇ ਫਿਲ ਸਾਲਟ ਨੇ 46 ਦੌੜਾਂ ਦਾ ਯੋਗਦਾਨ ਪਾਇਆ। ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ 28 ਦੌੜਾਂ ਬਣਾਈਆਂ ਅਤੇ ਰੋਹਿਤ ਸ਼ਰਮਾ ਦਾ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਮ ਕੀਤਾ।
251 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ 207 ਦੌੜਾਂ ‘ਤੇ ਸਿਮਟ ਗਈ। ਕਪਤਾਨ ਰੁਤੂਰਾਜ ਗਾਇਕਵਾੜ (7) ਅਤੇ ਸੰਜੂ ਸੈਮਸਨ (9) ਜਲਦੀ ਆਊਟ ਹੋ ਗਏ। ਸਰਫਰਾਜ਼ ਖਾਨ ਨੇ 50 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਦਕਿ ਪ੍ਰਸ਼ਾਂਤ ਵੀਰ (43) ਅਤੇ ਜੇਮੀ ਓਵਰਟਨ (37) ਨੇ ਸੰਘਰਸ਼ ਕੀਤਾ ਪਰ ਜਿੱਤ ਨਾ ਦਿਵਾ ਸਕੇ।
ਬੈਂਗਲੁਰੂ ਵੱਲੋਂ ਜੈਕਬ ਡਫੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਗਾਇਕਵਾੜ ਅਤੇ ਸੈਮਸਨ ਨੂੰ ਆਊਟ ਕੀਤਾ। ਭੁਵਨੇਸ਼ਵਰ ਕੁਮਾਰ ਨੇ ਆਯੂਸ਼ ਮਹਾਤਰੇ ਨੂੰ ਆਊਟ ਕਰਕੇ IPL ਵਿੱਚ 200 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ। ਕਰੁਣਾਲ ਪੰਡਿਆ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਫਰਾਜ਼ ਖਾਨ ਅਤੇ ਕਾਰਤਿਕ ਸ਼ਰਮਾ ਦੀਆਂ ਵਿਕਟਾਂ ਲਈਆਂ।
Read More : LSG ਬਨਾਬ SRH: ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
