2.1 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਵੱਡੀ ਮਾਤਰਾ ’ਚ ਅਸਲ੍ਹਾ ਬਰਾਮਦ
ਫਾਜ਼ਿਲਕਾ, 25 ਫਰਵਰੀ : ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਫਾਜ਼ਿਲਕਾ ਦੀ ਪੁਲਸ ਨੇ ਏ. ਆਈ. ਜੀ. ਐੱਸ. ਐੱਸ. ਓ. ਸੀ. ਫਾਜ਼ਿਲਕਾ ਨਰੇਸ਼ ਕੁਮਾਰ ਡੋਗਰਾ ਦੀ ਦੇਖ-ਰੇਖ ਹੇਠ ਬਾਰਡਰ ਪਾਰ ਨਸ਼ਿਆਂ ਅਤੇ ਹਥਿਅਰਾਂ ਦੀ ਸਮੱਗਲਿੰਗ ਦੇ ਨੈਟਵਰਕ ਨੂੰ ਬੇਨਕਾਬ ਕੀਤਾ ਹੈ।
ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 2.102 ਕਿਲੋਗ੍ਰਾਮ ਹੈਰੋਇਨ, 7 ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਬੀਤੇ ਦਿਨ ਪੁਲਸ ਨੇ ਖੁਫੀਆ ਸੂਹ ਮਿਲਣ ’ਤੇ ਜਲਾਲਾਬਾਦ ਏਰੀਏ ’ਚ ਸਪੈਸ਼ਲ ਆਪ੍ਰੇਸ਼ਨ ਚਲਾਇਆ ਤੇ ਥਾਣਾ ਸਦਰ ਜਲਾਲਾਬਾਦ ਦੇ ਤਹਿਤ ਪਿੰਡ ਬੱਘੇ ਕੇ ਉਤਾੜ ਕੋਲੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ।
ਫੜੇ ਗਏ ਵਿਅਕਤੀ ਦੀ ਪਛਾਣ ਗੁਰਨਾਮ ਸਿੰਘ ਉਰਫ ਗਾਮਾ ਵਾਸੀ ਪਿੰਡ ਭੰਗੇਵਾਲਾ (ਝੁੱਗੇ ਕਿਸ਼ੋਰ ਸਿੰਘ ਵਾਲਾ) ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ ਪੁਲਸ ਨੇ 2.102 ਕਿਲੋਗ੍ਰਾਮ ਹੈਰੋਇਨ, ਇਕ ਗਲੋਕ ਪਿਸਤੌਲ 9 ਐੱਮ. ਐੱਮ. ਮੈਗਜੀਨ ਸਮੇਤ, ਦੋ ਪਿਸਤੌਲ .30 ਬੋਰ ਮੈਗਜੀਨ ਸਮੇਤ, 10 ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ।
ਉਸ ਦੀ ਪੁੱਛ-ਗਿੱਛ ’ਤੇ ਅੱਜ ਪੁਲਸ ਨੇ ਦੋ ਪਿਸਤੌਲ 9 ਐੱਮ. ਐੱਮ. ਅਤੇ ਦੋ ਪਿਸਤੌਲ 30 ਬੋਰ, 5 ਮੈਗਜ਼ੀਨਾਂ ਸਮੇਤ ਹੋਰ ਬਰਾਮਦ ਕਰ ਲਏ। ਮੁੱਢਲੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਅਤੇ ਨਸ਼ੇ ਦੀ ਇਹ ਖੇਪ ਪਾਕਿਸਤਾਨ ’ਚ ਬੈਠੇ ਅਣਪਛਾਤੇ ਸਮੱਗਲਰ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਪੁਲਸ ਨੇ ਇਸ ਸਬੰਧੀ ਥਾਣਾ ਫਾਜ਼ਿਲਕਾ ’ਚ ਕੇਸ ਦਰਜ ਕਰ ਲਿਆ ਹੈ।
Read More : ਪੁਲਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਲਗਾਏ ਗੰਭੀਰ ਦੋਸ਼, ਦੱਸਿਆ ‘ਫ਼ਰਜ਼ੀ ਐਨਕਾਊਂਟਰ’
