Yudh-Nashean-Virudh

ਮੋਗਾ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ; ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਚੁਕਾਈ ਸਹੁੰ

ਚਿੱਟੇ ਦੇ ਕਲੰਕ ਨੂੰ ਧੋਣ ਦਾ ਸਿਹਰਾ ‘ਆਪ’ ਸਰਕਾਰ ਦੇ ਸਿਰ : ਭਗਵੰਤ ਮਾਨ

ਨਸ਼ਿਆਂ ਵਿਰੁੱਧ ਜੰਗ ‘ਚ ਪੂਰਾ ਪੰਜਾਬ ਇਕਜੁੱਟ, ਹਰ ਪਿੰਡ ਬਣੇਗੀ ਰੱਖਿਆ ਕਮੇਟੀ : ਅਰਵਿੰਦ ਕੇਜਰੀਵਾਲ

ਮੋਗਾ, 16 ਫਰਵਰੀ : ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਖੇ ਪਿੰਡ ਰੱਖਿਆ ਕਮੇਟੀਆਂ (ਵੀ.ਡੀ.ਸੀ.) ਦੇ ਇਤਿਹਾਸਕ ਸਹੁੰ ਚੁੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਤਸਕਰਾਂ ਵਿਰੁੱਧ ਆਰ-ਪਾਰ ਦੀ ਜੰਗ ਦਾ ਐਲਾਨ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਵਿਰੁੱਧ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਮੱਥੇ ਤੋਂ ਚਿੱਟੇ ਦਾ ਕਲੰਕ ਹਟਾਉਣ ਦਾ ਸਿਹਰਾ ‘ਆਪ’ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦਾ ਨਾਂ ਨਸ਼ਿਆਂ ਨਾਲ ਜੋੜ ਦਿੱਤਾ ਗਿਆ ਸੀ, ਪਰ ਅਸੀਂ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹਾਂ।

ਮੁੱਖ ਮੰਤਰੀ ਨੇ ਰੈਲੀ ’ਚ ਪਹੁੰਚੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦੀ ਸਹੁੰ ਚੁਕਾਈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਗੈਰ ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਕੁਝ ਲੋਕ ਬਾਹਰ ਆ ਕੇ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਹਨ, ਜਦਕਿ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸਰਕਾਰ ਦੇ ਹਰ ਲੋਕ-ਪੱਖੀ ਫੈਸਲੇ ’ਚ ਨੁਕਸ ਕੱਢਦੇ ਹਨ।

ਮਾਨ ਨੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਇਸ ’ਚ ਵੀ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ, ਪਰ ਇਸ ਯੋਜਨਾ ਤਹਿਤ ਇਲਾਜ ’ਤੇ ਹੋਣ ਵਾਲਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਯੋਜਿਤ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਦੀ ਬਜਾਏ ਜੇਲ੍ਹਾਂ ’ਚ ਡੱਕਿਆ ਹੈ।

ਅਰਵਿੰਦ ਕੇਜਰੀਵਾਲ ਨੇ ਪਿਛਲੇ ਇਕ ਸਾਲ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੁਲਸ ਨੇ ਹੁਣ ਤੱਕ 2,000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਵੱਡੇ ਨਸ਼ਾ ਤਸਕਰਾਂ, ਜਿਨ੍ਹਾਂ ਦਾ ਨਾਂ ਲੈਣ ਤੋਂ ਲੋਕ ਡਰਦੇ ਸਨ, ਅੱਜ ਸਲਾਖਾਂ ਪਿੱਛੇ ਹਨ ਅਤੇ ਉਨ੍ਹਾਂ ਦੇ ਨਾਜਾਇਜ਼ ਮਹਿਲਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ।

ਕੇਜਰੀਵਾਲ ਨੇ ਐਲਾਨ ਕੀਤਾ ਕਿ ਹੁਣ ਹਰ ਪਿੰਡ ਅਤੇ ਵਾਰਡ ’ਚ ਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ’ਚ ਸੇਵਾਮੁਕਤ ਫ਼ੌਜੀ, ਅਧਿਆਪਕ ਅਤੇ ਇਮਾਨਦਾਰ ਨੌਜਵਾਨ ਸ਼ਾਮਲ ਹੋਣਗੇ। ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਮੋਬਾਈਲ ਐਪ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਮਿਲੀ ਸੂਚਨਾ ਸਿੱਧੀ ਮੁੱਖ ਮੰਤਰੀ ਦਫ਼ਤਰ ਪਹੁੰਚੇਗੀ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਜੇਕਰ ਕੋਈ ਪੁਲਸ ਅਧਿਕਾਰੀ ਤਸਕਰਾਂ ਨਾਲ ਮਿਲਿਆ ਪਾਇਆ ਗਿਆ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਮਨੀਸ਼ ਸਿਸੋਦੀਆ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ 17,000 ਤਸਕਰਾਂ ਦੀ ਗ੍ਰਿਫ਼ਤਾਰੀ ਨੇ ਨਸ਼ਾ ਮਾਫ਼ੀਆ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਸਮਾਗਮ ਦੇ ਅੰਤ ’ਚ ਲੱਖਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ‘ਰੰਗਲਾ ਪੰਜਾਬ’ ਬਣਾਉਣ ਦੀ ਸਹੁੰ ਚੁੱਕੀ।

Read More : ਪੰਨੂ ਸਾਜ਼ਿਸ਼ ਮਾਮਲੇ ’ਚ ਸਿੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ‘ਗੁਪਤ ਨੀਤੀਆਂ’ ’ਤੇ ਚੁੱਕੇ ਸਵਾਲ

Leave a Reply

Your email address will not be published. Required fields are marked *