ਟੈਲੀਕਾਮ ਕੰਪਨੀਆਂ ਨੂੰ ਪੁਲਸ ਅਧਿਕਾਰੀਆਂ ਦੇ ਫ਼ੋਨ ਰਿਕਾਰਡ ਸਾਂਭਣ ਦੇ ਹੁਕਮ
ਗੁਰਦਾਸਪੁਰ, 2 ਮਾਰਚ : ਗੁਰਦਾਸਪੁਰ ਪੁਲਸ ਵੱਲੋਂ ਕੀਤੇ ਗਏ ਇਕ ਐਨਕਾਊਂਟਰ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਅਦਾਲਤ ਨੇ ਇਸ ਮਾਮਲੇ ਨਾਲ ਸਬੰਧਤ ਪੁਲਸ ਅਧਿਕਾਰੀਆਂ ਦੇ ਮੋਬਾਈਲ ਫ਼ੋਨਾਂ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਨੂੰ ਸੁਰੱਖਿਅਤ ਰੱਖਣ ਦੇ ਸਖ਼ਤ ਆਦੇਸ਼ ਦਿੱਤੇ ਹਨ। ਇਹ ਫੈਸਲਾ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਐਨਕਾਊਂਟਰ ਨੂੰ ਫ਼ਰਜ਼ੀ ਦੱਸਦਿਆਂ ਅਦਾਲਤ ’ਚ ਪਾਈ ਗਈ ਪਟੀਸ਼ਨ ਤੋਂ ਬਾਅਦ ਆਇਆ ਹੈ।
ਮ੍ਰਿਤਕ ਰਣਜੀਤ ਸਿੰਘ ਦੀ ਮਾਂ ਸੁਖਜਿੰਦਰ ਕੌਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਐੱਸ. ਐੱਸ. ਪੀ. ਗੁਰਦਾਸਪੁਰ, ਐੱਸ. ਐੱਚ. ਓ. ਦੋਰਾਂਗਲਾ, ਐੱਸ. ਐੱਚ. ਓ. ਪੁਰਾਣਾ ਸ਼ਾਲਾ ਅਤੇ ਸੀ. ਆਈ. ਏ. ਇੰਚਾਰਜ ਦੇ ਫ਼ੋਨਾਂ ਦਾ 20 ਫਰਵਰੀ ਤੋਂ 28 ਫਰਵਰੀ 2026 ਤੱਕ ਦਾ ਪੂਰਾ ਰਿਕਾਰਡ ਸਾਂਭ ਕੇ ਰੱਖਣ।
ਇਸ ਤੋਂ ਇਲਾਵਾ ਘਟਨਾ ਵੇਲੇ ਇਹ ਅਧਿਕਾਰੀ ਕਿੱਥੇ ਮੌਜੂਦ ਸਨ, ਇਸ ਦੀ ਸੱਚਾਈ ਜਾਣਨ ਲਈ ਉਨ੍ਹਾਂ ਦੀ ਜੀ. ਪੀ. ਐੱਸ. ਲੋਕੇਸ਼ਨ ਅਤੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਜਾਂਚ ਦਾ ਹਿੱਸਾ ਬਣਾਉਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਆਦੀਆਂ ਵਿਖੇ ਹੋਈ ਇਕ ਘਟਨਾ ’ਚ ਪਹਿਲਾਂ ਦੋ ਪੁਲਸ ਮੁਲਾਜ਼ਮ ਮਾਰੇ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਰਣਜੀਤ ਸਿੰਘ ਨੂੰ ਇਕ ਪੁਲਸ ਮੁਕਾਬਲੇ ’ਚ ਮਾਰ ਦਿੱਤਾ ਸੀ। ਹੁਣ ਪਰਿਵਾਰ ਦੀ ਲੀਗਲ ਟੀਮ, ਜਿਸ ’ਚ ਸੁਪਰੀਮ ਕੋਰਟ ਅਤੇ ਜ਼ਿਲਾ ਅਦਾਲਤ ਦੇ ਵਕੀਲ ਸ਼ਾਮਲ ਹਨ, ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਅਦਾਲਤ ’ਚ ਪੈਰਵੀ ਕਰ ਰਹੀ ਹੈ।
Read More : ਪਟਿਆਲਾ ਦੇ ਮੁੱਖ ਡਾਕਖਾਨੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਸ ਵੱਲੋਂ ਸਰਚ ਆਪ੍ਰੇਸ਼ਨ
