ਹੈਂਡ ਗ੍ਰੇਨੇਡ

ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ; 3 ਅੱਤਵਾਦੀ ਗ੍ਰਿਫ਼ਤਾਰ

ਪਾਕਿਸਤਾਨੀ ਮਾਰਕਾ 2 ਹੈਂਡ ਗ੍ਰੇਨੇਡ ਅਤੇ ਪਿਸਤੌਲ ਬਰਾਮਦ

ਅੰਮ੍ਰਿਤਸਰ, 6 ਅਪ੍ਰੈਲ : ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਵਿੰਗ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਕੇ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ’ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 2 ਆਰ.ਜੇ.ਐੱਸ. ਹੈਂਡ ਗ੍ਰੇਨੇਡ ਅਤੇ ਇਕ ਗਲਾਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਨਿਵਾਸੀ ਪਿੰਡ ਅਮੀਸ਼ਾਹ (ਤਰਨਤਾਰਨ), ਬਿਕਰਮਜੀਤ ਸਿੰਘ ਨਿਵਾਸੀ ਪਿੰਡ ਨੰਗਲ ਪੰਨੂਆਂ (ਅੰਮ੍ਰਿਤਸਰ) ਅਤੇ ਅਮਨਦੀਪ ਸਿੰਘ ਨਿਵਾਸੀ ਇੰਦਰਾ ਕਾਲੋਨੀ (ਅੰਮ੍ਰਿਤਸਰ) ਵਜੋਂ ਹੋਈ ਹੈ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਗ੍ਰੇਨੇਡਾਂ ’ਤੇ ਪਾਕਿਸਤਾਨ ਆਰਡਨੈਂਸ ਫੈਕਟਰੀ ਦੇ ਨਿਸ਼ਾਨ ਮਿਲੇ ਹਨ, ਜੋ ਸਰਹੱਦ ਪਾਰ ਦੇ ਸਬੰਧਾਂ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਡਿਊਲ ਕਈ ਸੂਬਿਆਂ ’ਚ ਪੁਲਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ’ਚ ਸ਼ਾਮਲ ਸੀ।

ਏ. ਆਈ. ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਪੁਲਸ ਟੀਮਾਂ ਨੇ ਸਰਬਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ’ਚ ਸਾਹਮਣੇ ਆਇਆ ਕਿ ਇਸ ਮਾਡਿਊਲ ਦਾ ਮੁੱਖ ਸੰਪਰਕ ਸੂਤਰ ਬਿਕਰਮਜੀਤ ਸਿੰਘ ਗੁਜਰਾਤ ਦੇ ਦੀਸਾ ਤੋਂ ਕੰਮ ਕਰ ਰਿਹਾ ਸੀ, ਜਿਸ ਨੂੰ ਗੁਜਰਾਤ ਏ. ਟੀ. ਐੱਸ. ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ’ਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਹੀ ਪੰਜਾਬ ਸਮੇਤ ਹੋਰ ਸੂਬਿਆਂ ’ਚ ਗ੍ਰੇਨੇਡ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਪੁਲਸ ਥਾਣਾ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਵਿਖੇ ਐੱਫ. ਆਈ. ਆਰ. ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Read More : ਪੁਲਸ ਵਿਭਾਗ ’ਚ ਵੱਡਾ ਰੱਦੋਬਦਲ; ਵਿਜੀਲੈਂਸ ਮੁਖੀ ਸਣੇ 6 ਉੱਚ ਅਧਿਕਾਰੀਆਂ ਦੇ ਤਬਾਦਲੇ

Leave a Reply

Your email address will not be published. Required fields are marked *