ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਸਰਹੱਦ ਪਾਰ ਸਮੱਗਲਿੰਗ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ
3 ਮੋਬਾਈਲ ਅਤੇ 2 ਮੋਟਰਸਾਈਕਲ ਬਰਾਮਦ
ਗੁਰਦਾਸਪੁਰ, 21 ਸਤੰਬਰ : ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੁਰਦਾਸਪੁਰ ਸਰਹੱਦ ’ਤੇ ਸਰਹੱਦ ਪਾਰ ਸਮੱਗਲਿੰਗ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 10.20 ਕਿਲੋ ਹੈਰੋਇਨ ਜ਼ਬਤ ਕੀਤੀ ਅਤੇ ਚਾਰ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ।
ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੈਲ ਕਾਸਿਮ ਮੀਰ ਦੇ ਨਿਰਦੇਸ਼ਾਂ ’ਤੇ ਚਲਦਿਆਂ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਪਿੰਡ ਠੇਠਰਕੇ ਨਿੱਕਾ ਵਿਖੇ ਨਾਰੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਵੱਖ-ਵੱਖ ਮੋਟਰਸਾਈਕਲਾਂ ਇਕ ਸਪਲੈਂਡਰ ਨੰ.ਪੀ.ਬੀ.02ਏ.ਐੱਸ.5108 ਅਤੇ ਪਲਟੀਨਾ ਨੰ.ਪੀ.ਬੀ.06ਏ.ਸੀ.1581 ’ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਆਉਂਦੇ ਦੇਖ ਚੈਕਿੰਗ ਲਈ ਰੋਕਿਆ।
ਇਸ ਦੌਰਾਨ ਮੁੱਢਲੀ ਪੁੱਛਗਿੱਛ ਕਰਨ ’ਤੇ ਮੋਟਰਸਾਈਕਲ ਸਵਾਰਾਂ ਨੇ ਆਪਣੇ ਨਾਮ ਕ੍ਰਮਵਾਰ ਗੁਰਮੰਗਲ ਸਿੰਘ ਉਰਫ ਹਰਸ਼ ਪੁੱਤਰ ਰਜਿੰਦਰ ਸਿੰਘ ਵਾਸੀ ਗਲੀ ਨੰ.4 ਮੁਹੱਲਾ ਭੱਲਾ ਕਾਲੋਨੀ, ਛੇਹਰਟਾ, ਜਗਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਅਜਨਾਲਾ, ਦਿਲਬਾਗ ਸਿੰਘ ਉਰਫ ਬਿੱਲਾ ਪੁੱਤਰ ਸ਼ਿਵ ਦਿਆਲ ਵਾਸੀ ਪਿੰਡ ਮਾਨੇਪੁਰ ਅਤੇ ਜਗਦੀਪ ਸਿੰਘ ਉਰਫ ਜੋਬਨ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਬਲੱਗਣ ਗੁਰਦਾਸਪੁਰ ਦੱਸੇ।
ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਉਕਤ ਨੌਜਵਾਨਾਂ ਕੋਲੋਂ 3 ਮੋਬਾਈਲ ਫੋਨ, 10 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਸਾਥੀ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਕਤ ਚਾਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਲਿਆਂਦਾ ਗਿਆ, ਜਿਥੇ ਇਨ੍ਹਾਂ ਸਾਰਿਆਂ ਖਿਲਾਫ ਮੁਕੱਦਮਾ ਏਅਰ ਕਰਾਫਟ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਕਤਾਨ ਦੇ ਦੋਵੇਂ ਮੋਟਰਸਾਈਕਲ ਵੀ ਪੁਲਸ ਵਲੋਂ ਕਬਜ਼ੇ ਵਿਚ ਲੈ ਗਏ ਗਏ ਹਨ।
ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Read More : ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ 14 ਦਿਨ ਦਾ ਵਾਧਾ