ਪਟਿਆਲਾ, 15 ਦਸੰਬਰ : ਪਿਛਲੇ ਕੁੱਝ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਅਟਕਲਾਂ ਲੱਗ ਰਹੀਆਂ ਸਨ ਕਿ ਕੈਪਟਨ ਦਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਕਦੇ ਵੀ ਕਾਂਗਰਸ ਵਿਚ ਵਾਪਸੀ ਕਰ ਸਕਦੇ ਹਨ ਪਰ ਸੋਮਵਾਰ ਨੂੰ ਉਨ੍ਹਾਂ ਦੀ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਸਪਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚ ਨਹੀਂ ਜਾਣਗੇ ਅਤੇ ਭਾਜਪਾ ਵਿਚ ਹੀ ਰਹਿਣਗੇ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੈਪਟਨ ਸਾਹਬ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਨ ਅਤੇ ਮਨ ਤੋਂ ਭਾਜਪਾ ਦੇ ਨਾਲ ਹਨ ਅਤੇ ਭਾਜਪਾ ਵਿਚ ਜਾਣ ਦੇ ਫੈਸਲਾ ਉਨ੍ਹਾਂ ਸੋਚ ਸਮਝ ਕੇ ਹੀ ਲਿਆ ਸੀ।
ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨਾਲ ਸਮਝੌਤੇ ਬਾਰੇ ਜੋ ਗੱਲ ਕਹੀ ਸੀ, ਉਹ ਇਕ ਆਮ ਰਾਜਨੀਤਕ ਚਰਚਾ ਸੀ ਕਿਉਂਕਿ ਪੰਜਾਬ ਦਾ ਇਕ ਵਰਗ ਅਜਿਹਾ ਸਮਝੌਤਾ ਚਾਹੁੰਦਾ ਹੈ ਪਰ ਇਹ ਸਮਝੌਤਾ ਹੋਣਾ ਹੈ ਜਾਂ ਨਹੀਂ, ਇਸ ਦਾ ਫੈਸਲਾ ਭਾਜਪਾ ਹਾਈਕਮਾਂਡ ਨੇ ਕਰਨਾ ਹੈ। ਜਦੋਂ ਵੀ ਭਾਜਪਾ ਹਾਈਕਮਾਂਡ ਅਤੇ ਅਕਾਲੀ ਦਲ ਦੀ ਹਾਈਕਮਾਂਡ ਵਿਚ ਕੋਈ ਗੱਲ ਹੋਵੇਗੀ ਤਾਂ ਉਸ ਤੋਂ ਬਾਅਦ ਹੀ ਕੁੱਝ ਕਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਅਨੰਦ ਆ ਰਿਹਾ ਹੈ ਅਤੇ ਉਹ ਪੰਜਾਬ ਵਿਚ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ।
Read More : ਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾ
