ਸਿੱਖ ਸੰਗਤਾਂ ਨੇ ਲਾਇਆ ਧਰਨਾ
ਪਟਿਆਲਾ, 18 ਅਗਸਤ : ਲੰਘੇ ਦਿਨ ਨਗਰ ਨਿਗਮ ਪਟਿਆਲਾ ਵੱਲੋਂ ਠੰਡੀ ਖੂਹੀ ’ਤੇ ਲਗਭਗ 50 ਸਾਲ ਤੋਂ ਬਣੇ ਇਕ ਪੁਰਾਤਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਢਾਹੁਣ ਨਾਲ ਅੱਜ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਥਾਂ ਉੱਪਰ ਅੱਜ ਸੈਂਕੜੇ ਸਿੱਖ ਸੰਗਤਾਂ ਨੇ ਧਰਨਾ ਲਾ ਲਿਆ।
ਇਸ ਤੋਂ ਬਾਅਦ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਪੁਲਸ ਫੋਰਸ ਨੇ ਬੈਠੀ ਸੰਗਤ ਨੂੰ ਬੇਨਤੀ ਕਰ ਕੇ ਕੰਟਰੋਲ ਕੀਤਾ ਅਤੇ ਗੁਰਦੁਆਰਾ ਸਾਹਿਬ ਉਸਾਰਨ ਦੀ ਬੇਨਤੀ ਕਰਦਿਆਂ ਇਸ ਵਿਵਾਦ ਨੂੰ ਸ਼ਾਂਤ ਕੀਤਾ।
ਧਰਨੇ ’ਚ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਵੀ ਪੁੱਜ ਗਏ, ਜਿਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਿਚ ਠੇਕੇ ’ਤੇ ਰੱਖਿਆ ਇਕ ਪਟਵਾਰੀ ਭਾਈਚਾਰਕ ਸਾਂਝ ਖਰਾਬ ਕਰ ਰਿਹਾ ਹੈ।
ਉਨ੍ਹਾਂ ਆਖਿਆ ਕਿ ਜੇਕਰ ਕੋਈ ਕਾਨੂੰਨੀ ਹੁਕਮ ਵੀ ਸਨ ਤਾਂ ਇਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਅਤੇ ਅੰਦਰ ਬਹੁਤ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ, ਰੁਮਾਲੇ ਪਏ ਸਨ। ਇਸ ਤਰ੍ਹਾਂ ਬੁਲਡੋਜਰਾਂ ਨਾਲ ਬਿਲਡਿੰਗ ਢਾਹੁਣ ਤੋਂ ਪਹਿਲਾਂ ਐੱਸ. ਜੀ. ਪੀ. ਸੀ . ਨਾਲ ਸੰਪਰਕ ਕਰਿਆ ਜਾਂਦਾ। ਸੇਵਾ ਕਰ ਰਹੇ ਸੇਵਾਦਾਰਾਂ ਨੂੰ ਪੁੱਛਿਆ ਜਾਂਦਾ ਪਰ ਨਿਗਮ ਦੀ ਇਕ ਟੀਮ ਅਤੇ ਪਟਵਾਰੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਇਸ ਨੂੰ ਢਾਹ ਦਿੱਤਾ।
ਉਨ੍ਹਾਂ ਆਖਿਆ ਕਿ ਸ਼ਹਿਰ ਅੰਦਰ ਸੈਂਕੜੇ ਥਾਵਾਂ ’ਤੇ ਨਾਜਾਇਜ਼ ਕਬਜ਼ੇ ਹਨ, ਨਗਰ ਨਿਗਮ ਦੀ ਟੀਮ ਉੱਥੇ ਜਾਣ ਲਈ ਤਿਆਰ ਨਹੀ ਹੈ। ਹੋਰ ਧਾਰਮਿਕ ਸਥਾਨ ਵੀ ਇਸ ਤਰ੍ਹਾਂ ਬਣੇ ਹੋਏ ਹਨ, ਕਿਸੇ ਨੂੰ ਵੀ ਛੇੜਿਆ ਨਹੀਂ ਗਿਆ ਤੇ ਨਗਰ ਨਿਗਮ ਨੂੰ ਕਿਸੇ ਨੂੰ ਛੇੜਨ ਦੀ ਲੋੜ ਵੀ ਨਹੀਂ, ਜਿਥੇ ਭਾਈਚਾਰਕ ਸਾਂਝ ਖਰਾਬ ਹੁੰਦੀ ਹੋਵੇ, ਉੱਥੇ ਸਾਰੇ ਕਦਮ ਸੋਚ ਸਮਝ ਕੇ ਚੁਕਣੇ ਚਾਹੀਦੇ ਹਨ।
ਇਸ ਮੌਕੇ ਜੁੜੀਆਂ ਸੰਗਤਾਂ ਨੇ ਬੋਲਦਿਆਂ ਆਖਿਆ ਕਿ ਨਿਗਮ ਦਾ ਇਕ ਠੇਕੇ ’ਤੇ ਰੱਖਿਆ ਪਟਵਾਰੀ ਬਹੁਤ ਬਤਮੀਜ਼ੀ ਨਾਲ ਬੋਲ ਕੇ ਗਿਆ ਅਤੇ ਕਹਿ ਕੇ ਗਿਆ ਕਿ ਮੈਂ ਅਜਿਹੇ 50 ਨਿਸ਼ਾਨ ਸਾਹਿਬ ਤੋੜੇ ਹਨ। ਇਸ ਲਈ ਇਸ ਪਟਵਾਰੀ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ।
ਸੰਗਤਾਂ ਨੇ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਬੁਲਡੋਜਰ ਲੈ ਕੇ ਕਿਸੇ ਵੀ ਸਥਾਨ ਨੂੰ ਢਾਹ ਦੇਣਾ। ਆਉਣ ਵਾਲੇ ਦਿਨਾਂ ’ਚ ਨਗਰ ਨਿਗਮ ਦਾ ਘਿਰਾਓ ਕੀਤਾ ਜਾਵੇਗਾ। ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਆਖਿਆ ਕਿ ਅਸੀਂ ਸਿੱਖ ਸੰਗਤ ਨੂੰ ਸ਼ਾਂਤ ਕੀਤਾ ਹੈ, ਜੋ ਵੀ ਲਾਅ ਅਨੁਸਾਰ ਹੋਵੇਗਾ, ਕਾਰਵਾਈ ਕੀਤੀ ਜਾਵੇਗੀ ਪਰ ਸ਼ਾਂਤੀ ਸਾਡੀ ਪਹਿਲ ਹੈ। ਇਸ ਲਈ ਸਾਨੂੰ ਸੰਗਤ ਨੇ ਸਹਿਯੋਗ ਦਿੱਤਾ ਹੈ।
ਮੌਕੇ ’ਤੇ ਵਿਧਾਇਕ ਕੋਹਲੀ ਪੁੱਜੇ, ਸਿੱਖ ਸੰਗਤਾਂ ਨੂੰ ਕੀਤਾ ਸ਼ਾਂਤ
ਲਗਾਤਾਰ ਵਧਦਾ ਟਕਰਾਅ ਦੇਖ ਮੌਕੇ ’ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਆਪਣੀ ਟੀਮ ਨਾਲ ਪੁੱਜੇ, ਜਿਨ੍ਹਾਂ ਨੇ ਇਕ ਘੰਟਾ ਬੈਠ ਕੇ ਸਮੁੱਚੀ ਸੰਗਤ ਨੂੰ ਸ਼ਾਂਤ ਕੀਤਾ। ਉਨ੍ਹਾਂ ਭਰੋਸਾ ਦਿਵਇਆ ਕਿ ਨਾ ਤਾਂ ਕਿਸੇ ਧਾਰਮਿਕ ਸਥਾਨ ਨੂੰ ਕੋਈ ਨੁਕਸਾਨ ਕਰਾਂਗੇ ਅਤੇ ਹਿੰਦੁ ਸਿੱਖ ਭਾਈਚਾਰੇ ਨੂੰ ਲਾਂਬੂ ਲਾਉਣ ਵਾਲਿਆਂ ਨੂੰ ਵੀ ਕਰੜੇ ਹੱਥੀਂ ਲਵਾਂਗੇ।
ਵਿਧਾਇਕ ਕੋਹਲੀ ਨੇ ਆਖਿਆ ਕਿ ਪਟਿਆਲਾ ’ਚ ਹਿੰਦੁੂਆਂ ਤੇ ਸਿੱਖਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਇਸ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸੰਗਤਾਂ ਦੀ ਬੇਨਤੀ ’ਤੇ ਆਪ ਗੁਰਦੁਆਰਾ ਸਾਹਿਬ ਨੂੰ ਸ਼ੁਰੂ ਕਰਵਾ ਦਿੱਤਾ।
ਉਨ੍ਹਾਂ ਇਹ ਵੀ ਆਖਿਆ ਕਿ ਸੰਗਤਾਂ ਨੇ ਦੱਸਿਆ ਲਗਭਗ 50 ਸਾਲ ਪੁਰਾਣੀ ਇਹ ਛੋਟੀ ਜਿਹੀ ਬਿਲਡਿੰਗ ਸੀ ਅਤੇ ਹੁਣ ਵੀ ਇਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਥਾਂ ਨੂੰ ਨੁਕਸਾਨ ਕਰਨ ਲੱਗਿਆਂ ਕਿਸੇ ਨੇ ਵੀ ਪੋਥੀ ਸਾਹਿਬ ਜਾਂ ਰੁਮਾਲਾ ਸਾਹਿਬ ਦੀ ਬੇਅਦਬੀ ਹੋਈ ਹੈ, ਉਸ ਲਈ ਉਹ ਆਪ ਮੁਆਫੀ ਮੰਗਦੇ ਹਨ। ਵਿਧਾਇਕ ਅਜੀਤਪਾਲ ਕੋਹਲੀ ਨੇ ਸਮੁੱਚੀ ਸੰਗਤ ਨੂੰ ਸ਼ਾਂਤ ਕਰ ਦਿੱਤਾ, ਜਿਸ ਨਾਲ ਵੱਡਾ ਵਿਵਾਦ ਹੋਣੋਂ ਟਲ ਲਿਆ।
ਪ੍ਰਧਾਨ ਰਾਠੀ ਅਤੇ ਬਜਾਜ ਨੇ ਐੱਸ. ਪੀ. ਸਿਟੀ ਨੂੰ ਸੌਂਪਿਆ ਮੰਗ-ਪੱਤਰ
ਨਗਰ ਨਿਗਮ ਵੱਲੋਂ ਗੁਰੂ ਘਰ ਦੀ ਢਾਹੀ ਗਈ ਚਾਰਦੀਵਾਰੀ ਦੀ ਮੁੜ ਉਸਾਰੀ ਅਤੇ ਇਸ ਨੂੰ ਡੇਗਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਨ. ਆਈ. ਐੱਸ. ਚੌਕ ਵਿਚ ਲੱਗੇ ਧਰਨੇ ’ਚ ਜਦੋਂ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਅਤੇ ਹਲਕਾ ਇੰਚਾਰਜ ਅਮਰਿੰਦਰ ਬਜਾਜ ਸੰਗਤ ਨਾਲ ਡਟ ਕੇ ਖੜ੍ਹੇ ਹੋਏ ਤਾਂ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਨੋਕ-ਝੋਕ ਵੀ ਹੋਈ । ਇਸ ਤੋਂ ਬਾਅਦ ਅਮਿਤ ਸਿੰਘ ਰਾਠੀ ਅਤੇ ਅਮਰਿੰਦਰ ਬਜਾਜ ਨੇ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੂੰ ਇਸ ਸਬੰਧੀ ਮੰਗ-ਪੱਤਰ ਵੀ ਸੌਂਪਿਆ।
Read More : ਜਥੇਦਾਰ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ’ਤੇ ਗਿਆਨੀ ਰਘਬੀਰ ਸਿੰਘ ਨੇ ਚੁੱਕੇ ਸਵਾਲ