ਨਸ਼ਾ ਸਮੱਗਲਿੰਗ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੀ
ਮੋਹਾਲੀ, 15 ਜੁਲਾਈ : ਮੋਹਾਲੀ ਪੁਲਿਸ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਬਲੌਂਗੀ ਅਧੀਨ ਆਉਂਦੇ ਪਿੰਡ ਜੁਝਾਰ ਨਗਰ ’ਚ ਨਸ਼ਾ ਸਮੱਗਲਿੰਗ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੁਣ ਦੀ ਕਾਰਵਾਈ ਕੀਤੀ । ਇਹ ਕਾਰਵਾਈ ਡੀ. ਟੀ. ਐੱਸ. ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਪਿਓ-ਪੁੱਤਰ ਦੀ ਜੋੜੀ ਵਿਰੁੱਧ ਕੀਤੀ ਗਈ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸ. ਐੱਸ. ਪੀ) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ, ਪੰਜਾਬ ਪੁਲਿਸ, ਗੌਰਵ ਯਾਦਵ ਦੇ ਸਥਾਈ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਬੇਨਤੀ ਦੇ ਜਵਾਬ ਵਿਚ ਗ਼ੈਰ-ਕਾਨੂੰਨੀ ਉਸਾਰੀ ਢਾਹ ਦਿਤੀ ਗਈ ਜਿਸ ਨੇ ਪੰਚਾਇਤੀ ਜ਼ਮੀਨ ’ਤੇ ਨਸ਼ਾ ਤਸਕਰ ਦੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਵਿਚ ਜ਼ਿਲ੍ਹਾ ਪੁਲਿਸ ਦੀ ਮਦਦ ਮੰਗੀ ਸੀ।
ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਖੁਲਾਸਾ ਕੀਤਾ ਕਿ ਮਲਕੀਤ ਸਿੰਘ ਪੁੱਤਰ ਕਰਮ ਚੰਦ ਵਿਰੁੱਧ 2018 ਤੋਂ 2024 ਤੱਕ ਸੱਤ ਐੱਫ. ਆਈ, ਆਰਜ਼ ਦਰਜ ਹਨ। ਇਨ੍ਹਾਂ ਵਿਚ ਐਨ. ਡੀ. ਪੀ. ਐਸ. ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਤਿੰਨ ਅਤੇ ਆਈਪੀਸੀ ਅਧੀਨ ਦੋ ਹੋਰ ਪਰਚੇ ਸ਼ਾਮਲ ਹਨ। ਇਹ ਸਾਰੇ ਪਰਚੇ ਥਾਣਾ ਬਲੌਂਗੀ ਵਿੱਚ ਦਰਜ ਹਨ। ਉਸ ਦੇ ਪੁੱਤਰ ਹੈਪੀ ਦੇ ਨਾਮ ’ਤੇ ਬਲੌਂਗੀ ਪੁਲਿਸ ਸਟੇਸ਼ਨ ਵਿਚ 2018 ਤੋਂ 2025 ਵਿਚਕਾਰ ਪੰਜ ਐਫ ਆਈ ਆਰਜ਼ ਦਰਜ ਹੋਈਆਂ ਹਨ। ਇਨ੍ਹਾਂ ਵਿਚ ਐਨਡੀਪੀਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਇਕ ਅਤੇ ਇਕ-ਇਕ ਆਈਪੀਸੀ ਅਧੀਨ ਅਤੇ ਬੀਐਨਐਸ (ਭਾਰਤੀ ਨਿਆ ਸੰਹਿਤਾ) ਤਹਿਤ ਸ਼ਾਮਲ ਹਨ।
ਐੱਸ. ਐੱਸ. ਪੀ. ਨੇ ਕਿਹਾ ਕਿ ਜਦੋਂ ਪੰਚਾਇਤ ਵਿਭਾਗ ਨੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ੇ ਵਾਲੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਸਾਡੀ ਸਹਾਇਤਾ ਮੰਗੀ ਤਾਂ ਡੀ. ਐੱਸ. ਪੀ. ਖਰੜ-1, ਕਰਨ ਸੰਧੂ ਦੀ ਅਗਵਾਈ ’ਚ ਪੁਲਿਸ ਟੀਮ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤਾ ਗਿਆ। ਇਸ ਸਮੇਂ ਐਸ ਪੀ (ਪੀ ਬੀ ਆਈ) ਦੀਪਿਕਾ ਸਿੰਘ ਵੀ ਮੌਜੂਦ ਸਨ।
Read More : ਮੀਂਹ ਦਾ ਕਹਿਰ, 4 ਘਰਾਂ ਦੀਆਂ ਛੱਤਾਂ ਡਿੱਗੀਆਂ