ਸੰਜੀਵ ਪੈਲੇਸ ਫਾਜ਼ਿਲਕਾ ਤੋਂ ਘੰਟਾ ਘਰ ਚੌਕ ਤੱਕ ਨਸ਼ਿਆਂ ਖਿਲਾਫ ਕੱਢਿਆ ਪੈਦਲ ਮਾਰਚ
ਫਾਜ਼ਿਲਕਾ, 18 ਦਸੰਬਰ : ਜ਼ਿਲਾ ਫਾਜ਼ਿਲਕਾ ਵਿਚ ਨਸ਼ਿਆਂ ਦੇ ਖਾਤਮੇ ਲਈ ਭਾਰਤੀ ਰੈੱਡ ਕਰਾਸ ਸੋਸਾਇਟੀ ਅਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਸਮਾਗਮ ’ਚ ਸ਼ਾਮਲ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਮੁਹਿੰਮ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਸ਼ਿਵਦੁਲਾਰ ਸਿੰਘ ਢਿੱਲੋਂ (ਆਈ. ਏ. ਐੱਸ. ਸੇਵਾਮੁਕਤ) ਸਕੱਤਰ ਰੈੱਡ ਕਰਾਸ ਸੋਸਾਇਟੀ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਜ਼ਿਲਾ ਪੁਲਸ ਮੁਖੀ ਗੁਰਮੀਤ ਸਿੰਘ ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਤੋਂ ਕਰਨ ਗਿਲਹੋਤਰਾ ਨੇ ਮਾਣਯੋਗ ਰਾਜਪਾਲ ਵੱਲੋਂ ਫਾਜ਼ਿਲਕਾ ਵਾਸੀਆਂ ਨੂੰ ਨਸ਼ਿਆਂ ਖਿਲਾਫ ਸੰਬੋਧਨ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮੌਸਮ ਦੀ ਖਰਾਬੀ ਅਤੇ ਕੁਝ ਤਕਨੀਕੀ ਕਾਰਨਾਂ ਕਰ ਕੇ ਹੈਲੀਕਾਪਟਰ ਦੀ ਉਡਾਣ ਨਾ ਹੋਣ ਕਰ ਕੇ ਉਹ ਇਸ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕੇ, ਇਸ ਲਈ ਉਹ ਆਨਲਾਈਨ ਸਮਾਗਮ ’ਚ ਸਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੇ ਅਗਲੇ ਮਹੀਨਿਆਂ ਦੌਰਾਨ ਦੁਬਾਰਾ ਫਾਜ਼ਿਲਕਾ ਦਾ ਦੌਰਾ ਕਰਨ ਦੀ ਇੱਛਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ, ਜਿਸ ਨੇ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆਂ ਉਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਆਪਣੇ ਦੇਸ਼ ਨੂੰ ਬਚਾਈਏ।
ਉਨ੍ਹਾਂ ਕਿਹਾ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਮੂਹਿਕ ਸਹਿਯੋਗ ਜ਼ਰੂਰੀ ਹੈ ਤਾਂ ਹੀ ਇਸ ਨਸਿਆਂ ਵਰਗੀ ਭੈੜੀ ਅਲਾਮਤ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਓ ਅਸੀਂ ਆਪਣੇ ਮਹਾਨ ਦੇਸ਼ ਭਗਤਾਂ ਵੱਲੋਂ ਲਏ ਗਏ ਸੁਪਨੇ ਨੂੰ ਪੂਰਾ ਕਰੀਏ ਤੇ ਆਪਣੇ ਦੇਸ਼ ਨੂੰ ਨਸ਼ਾ ਮੁਕਤ ਤੇ ਰੰਗਲਾ ਬਣਾਈਏ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਨਸ਼ਿਆਂ ਖਿਲਾਫ ਸ਼ਾਨਦਾਰ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸ ਤੋਂ ਬਾਅਦ ਸੰਜੀਵ ਪੈਲੇਸ ਫਾਜ਼ਿਲਕਾ ਤੋਂ ਘੰਟਾ ਘਰ ਚੌਂਕ ਤੱਕ ਨਸ਼ਿਆਂ ਖਿਲਾਫ ਪੈਦਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਜ਼ਿਲਾ ਪੁਲਸ ਮੁਖੀ ਗੁਰਮੀਤ ਸਿੰਘ ਤੇ ਸਮਾਜ ਸੇਵੀ ਕਰਨ ਗਿਲਹੋਤਰਾ ਵੱਲੋਂ ਕੀਤੀ ਗਈ। ਇਸ ਪੈਦਲ ਯਾਤਰਾ ਦੌਰਾਨ ਉਨ੍ਹਾਂ ਧਾਰਮਿਕ ਸਥਾਨਾਂ ’ਤੇ ਪਹੁੰਚ ਕੇ ਮੱਥਾ ਟੇਕਿਆ ਤੇ ਗਊਸ਼ਾਲਾ ਵਿਖੇ ਗਊਮਾਤਾ ਦਾ ਵੀ ਆਸ਼ੀਰਵਾਦ ਲਿਆ।
ਇਸ ਦੌਰਾਨ ਸਮਾਜ ਸੇਵੀ ਕਰਨ ਗਿਲਹੋਤਰਾ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ’ਚ ਹਰ ਇਕ ਵਰਗ ਨੂੰ ਆਪਣਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਇੱਥੋਂ 7 ਕਿਲੋਮੀਟਰ ਦੂਰ 1971 ਦੇ ਭਾਰਤ ਪਾਕਿ ਯੁੱਧ ’ਚ ਸ਼ਹੀਦ ਹੋਏ ਸੈਨਿਕਾਂ ਦੇ ਸ਼ਹੀਦੀ ਸਮਾਰਕ ਆਸਫ਼ਵਾਲਾ ਵਿਖ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐੱਸ.ਡੀ.ਐਮ. ਫਾਜ਼ਿਲਕਾ ਅਮਨਦੀਪ ਸਿੰਘ ਮਾਵੀ, ਐੱਸ.ਡੀ.ਐੱਮ. ਅਬੋਹਰ ਕ੍ਰਿਸ਼ਨਾਪਾਲ ਰਾਜਪੂਤ ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
Read More : ਟਾਂਡਾ ਉੜਮੁੜ ’ਚ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
