ਸ਼ਹੀਦ ਊਧਮ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ; ਸਿਹਤ ਅਤੇ ਸੜਕੀ ਸਹੂਲਤਾਂ ਵਿੱਚ ਹੋਵੇਗਾ ਵੱਡਾ ਵਾਧਾ
ਹੁਸ਼ਿਆਰਪੁਰ, 8 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਵਿਖੇ 516 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਸਿਹਤ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।
ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੋ ਸਾਲਾਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇੱਥੇ ਹਰ ਸਾਲ 100 MBBS ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 300 ਬਿਸਤਰਿਆਂ ਵਾਲਾ ਹਸਪਤਾਲ, 500 ਸੀਟਾਂ ਵਾਲਾ ਆਡੀਟੋਰੀਅਮ ਅਤੇ ਅੱਠ ਅਪਰੇਸ਼ਨ ਥੀਏਟਰ ਬਣਾਏ ਜਾਣਗੇ।
ਹਲਕਾ ਸ਼ਾਮ ਚੁਰਾਸੀ ਵਿੱਚ 9.18 ਕਰੋੜ ਰੁਪਏ ਦੀ ਲਾਗਤ ਨਾਲ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਬਣੇਗਾ। ਇਸ ਵਿੱਚ ਆਧੁਨਿਕ ਓਟੀ, ਲੈਬ, ਐਕਸ-ਰੇਅ ਅਤੇ ਜਣੇਪਾ ਸਹੂਲਤਾਂ ਹੋਣਗੀਆਂ, ਜਿਸ ਦਾ ਫਾਇਦਾ 40 ਤੋਂ ਵੱਧ ਪਿੰਡਾਂ ਨੂੰ ਮਿਲੇਗਾ। ਹਲਕੇ ਵਿੱਚ 7 ਹੋਰ ਹੈਲਥ ਤੇ ਵੈਲਨੈੱਸ ਕੇਂਦਰ ਵੀ ਬਣਾਏ ਜਾਣਗੇ।
ਮੁੱਖ ਮੰਤਰੀ ਨੇ 99 ਕਰੋੜ ਰੁਪਏ ਦੀ ਲਾਗਤ ਵਾਲੀ ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਇਹ 105 ਕਿਲੋਮੀਟਰ ਲੰਬੀ ਸੜਕ ਚੰਡੀਗੜ੍ਹ ਨੂੰ ਪਠਾਨਕੋਟ ਅਤੇ ਜੰਮੂ-ਕਸ਼ਮੀਰ ਨਾਲ ਜੋੜੇਗੀ। ਇਸ ਨਾਲ ਜੰਮੂ ਅਤੇ ਦਿੱਲੀ ਵਿਚਕਾਰ ਦੂਰੀ ਘਟੇਗੀ ਅਤੇ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਅਤੇ ਮਾਤਾ ਜਵਾਲਾ ਜੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਫਾਇਦਾ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਉਨ੍ਹਾਂ ਦੀ ਭਲਾਈ ‘ਤੇ ਖਰਚ ਰਹੀ ਹੈ। ਉਨ੍ਹਾਂ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ (10 ਲੱਖ ਤੱਕ ਮੁਫ਼ਤ ਇਲਾਜ) ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ (ਔਰਤਾਂ ਨੂੰ 1000-1500 ਰੁਪਏ ਮਹੀਨਾ) ਵਰਗੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲੀ ਵਾਰ ਦਿਨ ਵੇਲੇ ਲਗਾਤਾਰ 8 ਘੰਟੇ ਬਿਜਲੀ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸੂਬੇ ਨੂੰ ਲੁੱਟਿਆ ਹੈ। ਉਨ੍ਹਾਂ ਅਕਾਲੀ ਦਲ ਦੀ ਯਾਤਰਾ ਨੂੰ ‘ਪਰਿਵਾਰ ਬਚਾਓ ਯਾਤਰਾ’ ਦੱਸਿਆ ਅਤੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਕਈ ਆਗੂ ਵੀ ਮੌਜੂਦ ਸਨ।
Read More : ਕਿਸਾਨਾਂ ਦੀ ਮਦਦ ਲਈ ਅਕਾਲੀ ਦਲ ਉਲੀਕੇਗਾ ਵਿਸ਼ੇਸ਼ ਪ੍ਰੋਗਰਾਮ : ਸੁਖਬੀਰ ਬਾਦਲ
