ਅਧਿਆਪਕ ਤੋਂ ਪਹਿਲਾਂ ਹੀ 10,000 ਰੁਪਏ ਲੈ ਚੁੱਕਾ ਸੀ ਮੁਲਜ਼ਮ
ਮਾਲੇਰਕੋਟਲਾ, 28 ਜੂਨ :- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਮਾਲੇਰਕੋਟਲਾ ਦੇ ਦਫਤਰ ਵਿਖੇ ਤਾਇਨਾਤ ਕਲਰਕ ਵਿਕਾਸ ਜਿੰਦਲ ਨੂੰ ਇਕ ਅਧਿਆਪਕ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਮੁਲਜ਼ਮ ਕਲਰਕ ਨੇ ਜ਼ਿਲਾ ਮਾਲੇਰਕੋਟਲਾ ਦੇ ਪਿੰਡ ਬਾਗੜੀਆਂ ਦੇ ਸ਼ਿਕਾਇਤਕਰਤਾ ਅਧਿਆਪਕ ਤੋਂ ਡੀ. ਈ. ਓ. ਦਫਤਰ ’ਚ ਉਸ ਦੇ ਬਕਾਇਆ ਭੱਤੇ ਜਾਰੀ ਕਰਨ ਬਦਲੇ 30,000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਕਿ ਉਕਤ ਕਲਰਕ ਪਹਿਲਾਂ ਹੀ ਉਸ ਕੋਲੋਂ 10,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ ਦੀ ਰਕਮ ਮੰਗ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਕਲਰਕ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 20000 ਰੁਪਏ ਲੈਂਦਿਆਂ ਕਾਬੂ ਕਰ ਲਿਆ ਅਤੇ ਰਿਸ਼ਵਤ ਵਾਲੀ ਰਕਮ ਦੇ ਰੰਗੇ ਹੋਏ ਨੋਟ ਮੌਕੇ ’ਤੇ ਹੀ ਬਰਾਮਦ ਕਰ ਲਏ।
ਬੁਲਾਰੇ ਨੇ ਦੱਸਿਆ ਕਿ ਉਸ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Read More : ਪੁਲਸ ਹਿਰਾਸਤ ’ਚ ਬਜ਼ੁਰਗ ਦੀ ਮੌਤ
