ਰੇਲਵੇ ਲਾਈਨ ਨੇੜੇ ਬਿਜਲੀ ਦੇ ਖੰਭੇ ਨਾਲ ਲਟਕਦੀ ਮਿਲੀ ਲਾਸ਼
ਅਬੋਹਰ, 7 ਫਰਵਰੀ : ਬੀਤੀ ਦੇਰ ਸ਼ਾਮ ਪਿੰਡ ਬਹਾਵਲਵਾਸੀ ਨੇੜੇ ਰੇਲਵੇ ਲਾਈਨ ਕੋਲ ਬਿਜਲੀ ਦੇ ਖੰਭੇ ਨਾਲ 11ਵੀਂ ਜਮਾਤ ਦੇ ਇਕ ਵਿਦਿਆਰਥੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਪੱਕਾ ਸੀਡ ਫਾਰਮ ਨਿਵਾਸੀ ਮਲਵਿੰਦਰ ਸਿੰਘ (18) ਪੁੱਤਰ ਮਨਜੀਤ ਸਿੰਘ ਵਜੋਂ ਹੋਈ ਹੈ।
ਰੇਲਵੇ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ‘ਨਰ ਸੇਵਾ ਨਾਰਾਇਣ ਸੇਵਾ’ ਸਮਿਤੀ ਤੋਂ ਸੂਚਨਾ ਮਿਲੀ ਸੀ ਕਿ ਇਕ ਲੜਕੇ ਨੇ ਰੇਲਵੇ ਲਾਈਨ ਦੇ ਖੰਭੇ ਨੰਬਰ 69/1 ਨਾਲ ਫਾਹਾ ਲਿਆ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸਤੀਸ਼ ਕੁਮਾਰ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਨੇ ਆਪਣੀ ਕਮੀਜ਼ ਦਾ ਫਾਹਾ ਬਣਾ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਪਰਿਵਾਰਕ ਮੈਂਬਰਾਂ ਅਨੁਸਾਰ ਮਲਵਿੰਦਰ 11ਵੀਂ ਜਮਾਤ ’ਚ ਪੜ੍ਹਦਾ ਸੀ ਅਤੇ ਸਕੂਲ ਤੋਂ ਬਾਅਦ ਇਕ ਧਾਗਾ ਫੈਕਟਰੀ ’ਚ ਕੰਮ ਕਰਨ ਜਾਂਦਾ ਸੀ। ਬੀਤੇ ਦਿਨ ਉਹ ਦੁਪਹਿਰ ਸਮੇਂ ਘਰੋਂ ਕੰਮ ’ਤੇ ਜਾਣ ਦਾ ਕਹਿ ਕੇ ਨਿਕਲਿਆ ਸੀ, ਪਰ ਬਾਅਦ ’ਚ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ।
ਫਿਲਹਾਲ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਜੰਡਿਆਲਾ ਗੁਰੂ ’ਚ ਪਾਕਿ ਤੋਂ ਉੱਡ ਕੇ ਆਇਆ ਗੁਬਾਰਿਆਂ ਨਾਲ ਬੱਝਾ ਬੈਨਰ
