ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਲਾਏ ਗੰਭੀਰ ਦੋਸ਼
ਨਾਭਾ, 22 ਸਤੰਬਰ : ਨਾਭਾ ਦੇ ਡੀ. ਐੱਸ. ਪੀ. ਦਫਤਰ ਬਾਹਰ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਦੌਰਾਨ ਉਸ ਸਮੇਂ ਸਥਿਤੀ ਗੰਭੀਰ ਹੋ ਗਈ, ਜਦੋਂ ਕਿਸਾਨਾਂ ਅਤੇ ਪੁਲਸ ਵਿਚਾਲੇ ਮਾਮਲਾ ਖਿੱਚ-ਧੂਹ ਅਤੇ ਹੱਥੋਪਾਈ ਤੱਕ ਪੁੱਜ ਗਿਆ।
ਦੱਸਣਯੋਗ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਗਾਇਬ ਹੋਈਆਂ ਟਰਾਲੀਆਂ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਨਾਭਾ ਤੋਂ ਪੰਕਜ ਪੱਪੂ ਨਾਮੀ ਵਿਅਕਤੀ ਦੇ ਕਥਿਤ ਪਲਾਟ ’ਚੋਂ ਬਰਾਮਦ ਹੋਈਆਂ ਟਰਾਲੀਆਂ ਦੇ ਸਾਮਾਨ ਬਾਅਦ ਪਿੰਡ ਸਹੌਲੀ ਲਾਗਿਓਂ ਦੂਜੀ ਬਰਾਮਦ ਹੋਈ ਅੰਮ੍ਰਿਤਸਰ ਦੇ ਕਿਸਾਨ ਦੀ ਟਰਾਲੀ ਦੇ ਮਾਮਲੇ ’ਚ ਪੰਕਜ ਪੱਪੂ ਖਿਲਾਫ ਦੂਜੀ ਐੱਫ. ਆਈ. ਆਰ. ਕਰਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਨਾਭਾ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ। ਇਸੇ ਸਬੰਧੀ ਅੱਜ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਡੀ. ਐੱਸ. ਪੀ. ਦਫਤਰ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਸੀ।
ਇਸੇ ਦੌਰਾਨ ਜਦੋਂ ਨਾਭਾ ਦੀ ਮਹਿਲਾ ਡੀ. ਐੱਸ. ਪੀ. ਮਨਦੀਪ ਕੌਰ ਨੂੰ ਕਿਸੇ ਕੰਮ ਦੇ ਹਵਾਲੇ ਨਾਲ ਆਪਣੇ ਦਫਤਰ ਤੋਂ ਬਾਹਰ ਜਾਣਾ ਪਿਆ ਤਾਂ ਮਾਮਲਾ ਅਚਾਨਕ ਗੜਬੜਾ ਗਿਆ। ਕਿਸਾਨਾਂ ਅਤੇ ਪੁਲਸ ਵਿਚਾਲੇ ਖਿੱਚ-ਧੂਹ ਅਤੇ ਹੱਥੋਂਪਾਈ ਵੀ ਹੋਈ। ਸਮਝਦਾਰ ਆਗੂਆਂ ਵੱਲੋਂ ਮਾਮਲੇ ਨੂੰ ਸ਼ਾਂਤ ਕੀਤੇ ਜਾਣ ਬਾਅਦ ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਾਏ।
ਮਾਮਲਾ ਸ਼ਾਂਤ ਹੋਣ ਬਾਅਦ ਵੀ ਕਿਸਾਨਾਂ ਦਾ ਧਰਨਾ ਬਦਸਤੂਰ ਜਾਰੀ ਰਿਹਾ। ਦੇਰ ਸ਼ਾਮ ਜ਼ਿਲਾ ਪੁਲਸ ਦੇ ਅਧਿਕਾਰੀਆਂ ਅਤੇ ਨਾਭਾ ਪੁਲਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦੇ ਵਫਦ ਨਾਲ ਲੰਮਾ ਸਮਾਂ ਮੀਟਿੰਗ ਚਲਦੀ ਰਹੀ।
ਹੱਥੋਪਾਈ ਕਿਸਾਨਾਂ ਨੇ ਨਹੀਂ, ਬਲਕਿ ਪੁਲਸ ਨੇ ਕੀਤੀ : ਗਮਦੂਰ ਸਿੰਘ
ਕਿਸਾਨ ਆਗੂ ਗਮਦੂਰ ਸਿੰਘ ਨੇ ਦੋਸ਼ ਲਾਇਆ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਸੀ। ਡੀ. ਐੱਸ. ਪੀ. ਮੈਡਮ ਦੀ ਗੱਡੀ ਆਉਣਸਾਰ ਅਸੀਂ ਸਿਰਫ ਉਨ੍ਹਾਂ ਤੋਂ 2 ਮਿੰਟ ਆਪਣੀ ਗੱਲਬਾਤ ਲਈ ਮੰਗੇ ਪਰ ਬਿਨਾਂ ਕੁਝ ਸੁਣਨ ਦੇ ਕਥਿਤ ਰੂਪ ’ਚ ਉਨ੍ਹਾਂ ਨੇ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਸ਼ਾਂਤਮਈ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਹੱਥੋਪਾਈ ਕੀਤੀ, ਜਿਸ ਦੌਰਾਨ ਕਈ ਬਜ਼ੁਰਗਾਂ ਦੀਆਂ ਪੱਗਾਂ ਵੀ ਲੱਥ ਗਈਆਂ।
ਉਨ੍ਹਾਂ ਕਿਹਾ ਕਿ ਮਹਿਲਾ ਡੀ. ਐੱਸ. ਪੀ. ਦਾ ਵਤੀਰਾ ਤਾਨਾਸ਼ਾਹੀ ਭਰਿਆ ਸੀ। ਮੌਜੂਦਾ ਘਟਨਾਕ੍ਰਮ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਨਾਭਾ ਦਾ ਪੁਲਸ ਪ੍ਰਸ਼ਾਸਨ ਟਰਾਲੀ ਚੋਰੀ ਦੇ ਮਾਮਲੇ ’ਚ ਦੋਸ਼ੀਆਂ ਦੇ ਹੱਕ ’ਚ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅੱਜ ਦੇ ਮਾਮਲੇ ’ਚ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਵੇ ਪਰ ਕਿਸਾਨਾਂ ਵੱਲੋਂ ਉਠਾਈ ਜਾ ਰਹੀ ਮੰਗ ਅਤੇ ਇਨਸਾਫ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।
ਲੇਡੀ ਅਫਸਰ ਨਾਲ ਕਿਸਾਨਾਂ ਵੱਲੋਂ ਕੀਤਾ ਦੁਰ-ਵਿਵਹਾਰ ਸ਼ਰਮਨਾਕ : ਡੀ. ਐੱਸ. ਪੀ. ਮਨਦੀਪ ਕੌਰ
ਮੌਕੇ ’ਤੇ ਮੌਜੂਦ ਓਲੰਪੀਅਨ ਡੀ. ਐੱਸ. ਪੀ. ਮਨਦੀਪ ਕੌਰ ਚੀਮਾ ਨੇ ਦੋਸ਼ ਲਾਇਆ ਕਿ ਮੈਂ ਕਿਸੇ ਕੰਮ ਲਈ ਆਪਣੇ ਦਫਤਰ ਤੋਂ ਬਾਹਰ ਜਾਣਾ ਸੀ ਤਾਂ ਕਿਸਾਨ ਮੇਰੀ ਗੱਡੀ ਦੇ ਅੱਗੇ ਲੇਟ ਗਏ। ਜਦੋਂ ਮੈਂ ਉਨ੍ਹਾਂ ਨੂੰ ਸਰਕਾਰੀ ਕੰਮ ਦੇ ਹਵਾਲੇ ਨਾਲ ਜਾਣ ਦੀ ਅਪੀਲ ਕੀਤੀ ਤਾਂ ਕਿਸਾਨਾਂ ਨੇ ਕਾਫੀ ਬਦਤਮੀਜ਼ੀ ਕੀਤੀ।
ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਫਾਰਮ ਅਤੇ ਜੂੜੇ ਨੂੰ ਖਿੱਚਿਆ ਗਿਆ ਅਤੇ ਧੱਕਾ-ਮੁੱਕੀ ਕੀਤੀ ਗਈ। ਇਹ ਕਾਫੀ ਸ਼ਰਮਨਾਕ ਹੈ ਕਿ ਇਕ ਲੇਡੀ ਅਫਸਰ ਨਾਲ ਕਿਸਾਨਾਂ ਵੱਲੋਂ ਅਜਿਹਾ ਵਤੀਰਾ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਮਾਮਲੇ ਦੇ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ।
Read More : ਅਮਰੀਕਾ ਵਿਚ ਭਾਰਤੀ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ