Vigilance

15 ਹਜ਼ਾਰ ਦੀ ਰਿਸ਼ਵਤ ਸਮੇਤ ਸਿਵਲ ਹਸਪਤਾਲ ਦਾ ਸੁਰੱਖਿਆ ਗਾਰਡ ਗ੍ਰਿਫ਼ਤਾਰ

ਨਿਗੇਟਿਵ ਡੋਪ ਟੈਸਟ ਸਰਟੀਫਿਕੇਟ ਜਾਰੀ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ

ਅੰਮ੍ਰਿਤਸਰ, 27 ਅਕਤੂਬਰ : ਵਿਜੀਲੈਂਸ ਮੋਹਾਲੀ ਦੀ ਟੀਮ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ’ਚ ਤਾਇਨਾਤ ਸੁਰੱਖਿਆ ਗਾਰਡ ਜਤਿੰਦਰ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਜਤਿੰਦਰ ਸਿੰਘ ਨੂੰ ਰੇਸ਼ਮ ਸਿੰਘ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਰੇਸ਼ਮ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਜਤਿੰਦਰ ਸਿੰਘ ਨੇ ਅਸਲਾ ਲਾਇਸੈਂਸ ਲਈ ਨਿਗੇਟਿਵ ਡੋਪ ਟੈਸਟ ਸਰਟੀਫਿਕੇਟ ਜਾਰੀ ਕਰਵਾਉਣ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਹੈ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਟੀਮ ਨੇ ਇਕ ਜਾਲ ਵਿਛਾਇਆ, ਜਿਸ ਦੌਰਾਨ ਉਪਰੋਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਸ਼ਿਕਾਇਤਕਰਤਾ ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ਵਿਚ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ-7ਏ ਦੇ ਤਹਿਤ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਹੋਏ ਖੁਲਾਸੇ ਦੇ ਆਧਾਰ ’ਤੇ ਅਪਰਾਧ ’ਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਅਤੇ ਕਾਰਜ ਪ੍ਰਣਾਲੀ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮੰਗਲਵਾਰ ਮੋਹਾਲੀ ਦੀ ਸਬੰਧਤ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Read More : ਬਲਜੀਤ ਕੌਰ ਤੇ ਮਹਿੰਦਰ ਭਗਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ

Leave a Reply

Your email address will not be published. Required fields are marked *