ਭਗਵੰਤ ਮਾਨ-ਸੀ.ਐੱਮ

ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ; ਪੰਜਾਬ ‘ਚ ਬਣਨਗੇ 3 ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ

ਲੁਧਿਆਣਾ, ਨਿਊ ਚੰਡੀਗੜ੍ਹ ਤੇ ਅੰਮ੍ਰਿਤਸਰ ‘ਚ ਉਦਯੋਗ ਨੂੰ ਮਿਲੇਗਾ ਹੁਲਾਰਾ

ਐਸ.ਏ.ਐਸ. ਨਗਰ, 15 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਉਦਯੋਗ ਅਤੇ ਵਣਜ ਨੂੰ ਵੱਡਾ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡੀਗੜ੍ਹ (ਮੋਹਾਲੀ) ਅਤੇ ਅੰਮ੍ਰਿਤਸਰ ਵਿੱਚ ਤਿੰਨ ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਦਾ ਅਹਿਮ ਐਲਾਨ ਕੀਤਾ ਹੈ।

ਮੋਹਾਲੀ ਵਿਖੇ ਚੱਲ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਦੌਰਾਨ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ਼ ‘ਤੇ ਬਣਾਏ ਜਾਣਗੇ ਤਾਂ ਜੋ ਉਦਯੋਗ ਆਪਣੇ ਉਤਪਾਦਾਂ ਨੂੰ ਕੌਮਾਂਤਰੀ ਪੱਧਰ ‘ਤੇ ਪ੍ਰਦਰਸ਼ਿਤ ਕਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਰਵਾਇਤੀ ਖੇਤੀਬਾੜੀ ਤੋਂ ਮੁੱਲ-ਵਰਧਿਤ ਨਿਰਯਾਤ (Value-added export) ਵੱਲ ਵਧ ਰਿਹਾ ਹੈ। ਉਨ੍ਹਾਂ ਫੂਡ ਪ੍ਰੋਸੈਸਿੰਗ ਨੂੰ ਕਿਸਾਨਾਂ ਦੀ ਖੁਸ਼ਹਾਲੀ ਦੀ ਕੁੰਜੀ ਦੱਸਦਿਆਂ ਪਠਾਨਕੋਟ ਦੀ ਲੀਚੀ, ਹੁਸ਼ਿਆਰਪੁਰ ਦੇ ਅੰਬ ਅਤੇ ਜਲੰਧਰ ਦੇ ਆਲੂ ਵਰਗੀਆਂ ਫਸਲਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਮੱਕੀ ਵਰਗੀਆਂ ਫਸਲਾਂ ਤੋਂ ਬਰਾਬਰ ਆਮਦਨ ਮਿਲੇਗੀ, ਤਾਂ ਉਹ ਖੇਤੀਬਾੜੀ ਵਿਭਿੰਨਤਾ ਨੂੰ ਜ਼ਰੂਰ ਅਪਣਾਉਣਗੇ।

ਭਗਵੰਤ ਸਿੰਘ ਮਾਨ ਨੇ ਨਿਵੇਸ਼ਕਾਂ ਨੂੰ ਪੰਜਾਬ ਦੀ ਤੁਲਨਾ ਹੋਰਨਾਂ ਰਾਜਾਂ ਨਾਲ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਨਿਵੇਸ਼ ਲਈ ਸਭ ਤੋਂ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ।

ਉਨ੍ਹਾਂ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਵੱਡੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਸਾਡੀ ਆਬਾਦੀ ਦੇਸ਼ ਦਾ ਸਿਰਫ 2 ਫੀਸਦੀ ਹੈ, ਪਰ ਦੇਸ਼ ਲਈ ਕੁਰਬਾਨੀਆਂ ਵਿੱਚ ਪੰਜਾਬੀਆਂ ਦਾ ਹਿੱਸਾ 90 ਫੀਸਦੀ ਤੋਂ ਵੱਧ ਹੈ। ਰਾਜ ਸਰਕਾਰ ਉਦਯੋਗ, ਨਿਰਯਾਤ ਅਤੇ ਨਵਿਆਉਣਯੋਗ ਊਰਜਾ ‘ਤੇ ਧਿਆਨ ਕੇਂਦਰਿਤ ਕਰਕੇ ਪੰਜਾਬ ਨੂੰ ਇੱਕ ਗਲੋਬਲ ਹੱਬ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ।

Read More : ਸੁਖਬੀਰ ਬਾਦਲ ਵੱਲੋਂ ਕੰਚਨਪ੍ਰੀਤ ਕੌਰ ਤਰਨਤਾਰਨ ਦੇ ਨਵੇਂ ‘ਹਲਕਾ ਇੰਚਾਰਜ’ ਨਿਯੁਕਤ

Leave a Reply

Your email address will not be published. Required fields are marked *