ਦੋਨਾਂ ਨੌਜਵਾਨ ਨੂੰ ਬਹਾਦਰੀ ਭਰੇ ਕੰਮ ਲਈ ਸਨਮਾਨਿਤ ਕੀਤਾ
ਚੰਡੀਗੜ੍ਹ, 26 ਜੁਲਾਈ : ਦੋ ਦਿਨ ਪਹਿਲਾਂ ਇਕ ਕਾਰ ਦੇ ਸਰਹਿੰਦ ਨਹਿਰ ਵਿਚ ਡਿੱਗਣ ਕਾਰਨ ਉਸ ਵਿਚ ਸਵਾਰ 11 ਜਣਿਆਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਠਿੰਡਾ ਦੇ ਕ੍ਰਿਸ਼ਨਾ ਕੁਮਾਰ ਪਾਸਵਾਨ ਅਤੇ ਜਸਕਰਨ ਸਿੰਘ ਨਾਂ ਦੇ ਨੌਜਵਾਨਾਂ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸਰਕਾਰੀ ਨਿਵਾਸ ’ਤੇ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਦੋਨਾਂ ਨੌਜਵਾਨ ਨੂੰ ਇਸ ਬਹਾਦਰੀ ਭਰੇ ਕੰਮ ਲਈ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਬੇਮਿਸਾਲ ਸਾਹਸ ਦੀ ਭਰਪੂਰ ਪ੍ਰਸ਼ੰਸਾ ਕੀਤੀ। ਮਾਨ ਨੇ ਕਿਹਾ ਕਿ ਇੰਨ੍ਹਾਂ ਦੋਨਾਂ ਨੌਜਵਾਨਾਂ ਨੂੰ ਅਜ਼ਾਦੀ ਦਿਹਾੜੇ ਸਮਾਰੋਹ ਦੌਰਾਨ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਕਾਰ ਨਹਿਰ ਵਿਚ ਡਿੱਗਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਨਹਿਰ ਵਿਚ ਛਾਲ ਮਾਰਨ ਵਾਲਾ ਕ੍ਰਿਸ਼ਨਾ ਹੀ ਸੀ।
ਇਸ ਦੌਰਾਨ ਉਥੇ ਜਸਕਰਨ ਸਿੰਘ ਵੀ ਪੁੱਜ ਗਿਆ। ਜਦਕਿ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਵੀ ਪਤਾ ਲੱਗਣ ’ਤੇ ਮਿੰਟਾਂ ਵਿਚ ਪੁੱਜ ਗਈ। ਇਨ੍ਹਾਂ ਸਾਰਿਆਂ ਨੇ ਹੋਰਨਾਂ ਰਾਹਗੀਰਾਂ ਤੇ ਸਮਾਜ ਸੇਵੀ ਵਲੰਟੀਅਰਾਂ ਦੀ ਮਦਦ ਨਾਲ 5 ਬੱਚਿਆਂ ਸਹਿਤ ਕਾਰ ਵਿਚ ਸਵਾਰ ਕੁੱਲ 11 ਜਣਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ। ਬਠਿੰਡਾ ਪੁਲਿਸ ਤੇ ਇੰਨ੍ਹਾਂ ਜਵਾਨਾਂ ਵੱਲੋਂ ਦਿਖਾਏ ਹੌਸਲੇ ਦੀ ਵੱਡੇ ਪੱਧਰ ’ਤੇ ਸ਼ਲਾਘਾ ਹੋ ਰਹੀ ਹੈ।
ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸਐਸਪੀ ਅਮਨੀਤ ਕੌਡਲ ਦੀ ਅਗਵਾਈ ਹੇਠ ਪੀਸੀਆਰ ਜਵਾਨਾਂ ਦੀ ਟੀਮ ਨੂੰ ਸੱਦ ਕੇ ਉਨ੍ਹਾਂ ਨੂੰ ਸ਼ਾਬਾਸੀ ਦਿੱਤੀ ਸੀ। ਅੱਜ ਉਨ੍ਹਾਂ ਪ੍ਰਵਾਸੀ ਮਜ਼ਦੂਰ ਕ੍ਰਿਸ਼ਨਾ ਤੇ ਜਸਕਰਨ ਸਿੰਘ ਦੀ ਹੌਸਲਾ ਅਫ਼ਜਾਈ ਕੀਤੀ।
Read More : ਪੁਲਿਸ ਨੇ 2 ਅਪਰਾਧੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ