‘ਮਿਸ਼ਨ ਰੋਜ਼ਗਾਰ’ ਤਹਿਤ ਹੁਣ ਤੱਕ ਦਿੱਤੀਆਂ 65,264 ਨੌਕਰੀਆਂ; ਬਿਜਲੀ ਵਿਭਾਗ ‘ਚ 1,750 ਹੋਰ ਭਰਤੀਆਂ ਜਲਦ।
ਮੋਹਾਲੀ, 13 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਿਸ਼ਨ ਰੋਜ਼ਗਾਰ’ ਪਹਿਲਕਦਮੀ ਤਹਿਤ ਅੱਜ ਵੱਖ-ਵੱਖ ਵਿਭਾਗਾਂ ਵਿੱਚ ਭਰਤੀ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਬਿਜਲੀ ਵਿਭਾਗ ਦੇ 459, ਸਥਾਨਕ ਸਰਕਾਰਾਂ ਵਿਭਾਗ ਦੇ 215, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 129 ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ 15 ਪ੍ਰੋਫੈਸਰ ਤੇ ਸਹਾਇਕ ਪ੍ਰੋਫੈਸਰ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਹੁਣ ਤੱਕ ਕੁੱਲ 65,264 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ।
ਰੋਜ਼ਗਾਰ ਦੇ ਮੌਕਿਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਵਿਭਾਗ ਵਿੱਚ 1,750 ਹੋਰ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ, ਜੋ ਜੂਨ 2026 ਤੱਕ ਮੁਕੰਮਲ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਸਿਫ਼ਾਰਸ਼ ਦੇ, ਸਿਰਫ਼ ਯੋਗਤਾ ਅਤੇ ਪਾਰਦਰਸ਼ਤਾ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖ ਕੇ ਉਨ੍ਹਾਂ ਦਾ ਭਵਿੱਖ ਤਬਾਹ ਕੀਤਾ ਗਿਆ, ਜਿਸ ਨੂੰ ਹੁਣ ‘ਮਿਸ਼ਨ ਰੋਜ਼ਗਾਰ’ ਰਾਹੀਂ ਸੁਧਾਰਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦਿਆਂ ਦੀ ਵਰਤੋਂ ਲੋੜਵੰਦਾਂ ਦੀ ਸੇਵਾ ਲਈ ਕਰਨ। ਉਨ੍ਹਾਂ ਸਰਕਾਰੀ ਖ਼ਜ਼ਾਨੇ ਦੀ ਸਹੀ ਵਰਤੋਂ ਦਾ ਜ਼ਿਕਰ ਕਰਦਿਆਂ ਕਿਹਾ ਕਿ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਗਿਆ ਹੈ।
ਔਰਤਾਂ ਦੀ ਭਲਾਈ ਲਈ ਉਨ੍ਹਾਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਸਕੀਮ’ ਬਾਰੇ ਦੱਸਿਆ, ਜਿਸ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਮਹੀਨਾਵਾਰ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਇਸ ਸਕੀਮ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਗਰੀਬਾਂ ਲਈ ਇਨ੍ਹਾਂ ਪੈਸਿਆਂ ਦੀ ਅਹਿਮੀਅਤ ਨਹੀਂ ਸਮਝ ਸਕਦੇ।
ਸਮਾਗਮ ਦੌਰਾਨ ਕਈ ਨੌਜਵਾਨਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਨਾਭਾ ਤੋਂ ਜਗਜੀਤ ਸਿੰਘ ਅਤੇ ਫਿਰੋਜ਼ਪੁਰ ਤੋਂ ਤਜਿੰਦਰ ਸਿੰਘ ਨੇ ਰਿਸ਼ਵਤ ਮੁਕਤ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਮਲੇਰਕੋਟਲਾ ਦੀ ਗੁਰਪ੍ਰੀਤ ਕੌਰ ਅਤੇ ਜਲੰਧਰ ਦੇ ਦਿਨੇਸ਼ ਬੱਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਆਪਣੀ ਦੂਜੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ।
ਤਲਵਾੜਾ ਦੇ ਇਸ਼ਾਨ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਹੈ ਜੋ ਪੀ.ਐਸ.ਪੀ.ਸੀ.ਐਲ. ਵਿੱਚ ਸੇਵਾ ਕਰੇਗਾ। ਕੈਨੇਡਾ ਤੋਂ ਪਰਤੇ ਪਟਿਆਲਾ ਦੇ ਸੁਖਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇਖ ਕੇ ਉਹ ਵਾਪਸ ਆਇਆ ਹੈ। ਪਿੰਡ ਭੂਤਗੜ੍ਹ ਦੇ ਧਰਮਿੰਦਰ ਸਿੰਘ, ਜੋ ਪਹਿਲਾਂ ਭੱਠੇ ’ਤੇ ਮਜ਼ਦੂਰੀ ਕਰਦਾ ਸੀ, ਨੇ ਨੌਕਰੀ ਮਿਲਣ ’ਤੇ ਭਾਵੁਕ ਹੁੰਦਿਆਂ ਧੰਨਵਾਦ ਕੀਤਾ।
ਸ੍ਰੀ ਮੁਕਤਸਰ ਸਾਹਿਬ ਤੋਂ ਡਾ. ਨਵਜੋਤ ਸਿੰਘ ਮਾਨ ਨੇ ਦੱਸਿਆ ਕਿ ਦੰਦਾਂ ਦੇ ਡਾਕਟਰਾਂ ਨੂੰ 36 ਸਾਲਾਂ ਦੇ ਲੰਬੇ ਵਕਫ਼ੇ ਬਾਅਦ ਸਰਕਾਰੀ ਨੌਕਰੀਆਂ ਮਿਲੀਆਂ ਹਨ।
Read More : ਇਟਲੀ ’ਚ ਹੋਲੇ ਮਹੱਲੇ ਦੀਆਂ ਲੱਗੀਆਂ ਰੌਣਕਾਂ
