– 662 ਥਾਵਾਂ ’ਤੇ ਮੱਛਰਾਂ ਦਾ ਲਾਰਵਾ ਪਾਏ ਜਾਣ ’ਤੇ ਕਰਵਾਇਆ ਨਸ਼ਟ
ਪਟਿਆਲਾ, 14 ਸਤੰਬਰ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂਂ ਗੱਲੀ/ਮੁਹੱਲਿਆਂ ’ਚ ਘਰ-ਘਰ ਜਾ ਕੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਨਰਸਿੰਗ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਵੱਲੋੋਂ ਵੀ ਭਾਗ ਲਿਆ ਗਿਆ।
ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਆਖਿਆ ਕਿ ਪਟਿਆਲਾ ਦੇ ਹਸਪਤਾਲਾਂ ’ਚ ਲੋੜੀਂਦੀਆਂ ਹਰੇਕ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ। ਸਾਰੇ ਇਲਾਕਿਆਂ ’ਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਪੇਂਡੂ ਇਲਾਕਿਆਂ ’ਚ ਪਾਣੀ ਆਇਆ ਹੈ, ਉੱਥੇ ਵੀ ਮੈਡੀਕਲ ਕੈਂਪ ਲਗਾਤਾਰ ਦਿਨ-ਰਾਤ ਲਾਏ ਜਾ ਰਹੇ ਹਨ ਤੇ ਐਂਬੂਲੈਂਸਾਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਕੋਸ਼ਿਸ਼ ਕੀਤੀ ਜਾਵੇ ਨਹੀਂ ਤਾਂ ਖੜ੍ਹੇ ਪਾਣੀ ’ਚ ਕਾਲਾ ਤੇਲ ਪਾ ਦਿੱਤਾ ਜਾਵੇ। ਹੁਣ ਮੀਂਹ ਘਟਣ ਤੋਂ ਬਾਅਦ ਮੱਛਰਾਂ ਦੀ ਪੈਦਾਵਾਰ ਜ਼ਿਆਦਾ ਹੋ ਸਕਦੀ ਹੈ। ਇਸ ਲਈ ਸਾਰੇ ਸਰਕਾਰੀ ਹਸਪਤਾਲਾਂ ’ਚ ਡੇਂਗੂ ਦੇ ਕੇਸਾਂ ਦੇ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ਼ੱਕੀ ਮਰੀਜ਼ਾਂ ਦੇ ਦਾਖਲੇ ਤੇ ਇਲਾਜ ਸਬੰਧੀ ਪ੍ਰਬੰਧ ਕਰਦਿਆਂ ਵੱਖਰੇ ਡੇਂਗੂ ਵਾਰਡ ਤਿਆਰ ਕਰ ਲਏ ਗਏ ਹਨ।
ਉਨ੍ਹਾਂ ਆਖਿਆ ਕਿ ਇਸ ਮੌਸਮ ’ਚ ਸਾਰਿਆਂ ਨੂੰ ਚੌਕਸੀ ਵਰਤਦਿਆਂ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਖੁਦ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਸਿਵਲ ਸਰਜਨ ਨੇ ਅੱਗੇ ਕਿਹਾ ਕਿ ਭਾਵੇਂ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਸਰਗਰਮੀ ਨਾਲ ਪਿੰਡਾਂ ਅਤੇ ਸ਼ਹਿਰਾਂ ’ਚ ਕੰਮ ਕਰ ਰਹੀਆਂ ਹਨ। ਫਿਰ ਵੀ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ ਮਹਿਸੂਸ ਹੁੰਦਾ ਹੈ ਤਾਂ ਸਰੀਰ ’ਚ ਦਰਦ ਹੁੰਦਾ ਹੈ ਤਾਂ ਬਿਨਾਂ ਦੇਰ ਕੀਤਿਆਂ ਨਜ਼ਦੀਕੀ ਸਿਹਤ ਕੇਂਦਰ ’ਚ ਜਾ ਕੇ ਡੇਂਗੂ ਸਬੰਧੀ ਜਾਂਚ ਕਰਵਾਈ ਜਾਵੇ।
ਜ਼ਿਲਾ ਐਪੀਡੇਮੋਲੋਜਿਸਟ ਡਾ. ਸੁਮਿਤ ਸਿੰਘ ਨੇ ਆਖਿਆ ਕਿ ਇਸ ਵਾਰ ਸਮੁੱਚੇ ਜ਼ਿਲੇ ’ਚ ਹੁਣ ਤੱਕ 108 ਡੇਂਗੂ ਦੇ ਕੇਸ ਪਾਏ ਗਏ ਹਨ। ਇਸ ਹਫਤੇ ਜ਼ਿਲੇ ਭਰ ਦੇ 50054 ਘਰਾਂ ’ਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 662 ਥਾਵਾਂ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਹੁਣ ਤੱਕ ਕਮੇਟੀਆਂ ਅਤੇ ਨਗਰ ਨਿਗਮ ਵੱਲੋਂ 63 ਵਿਅਕਤੀਆਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ।
ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 765942 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚ 6219 ਥਾਵਾਂ ’ਤੇ ਮਿਲੇ ਲਾਰਵਾ ਮਿਲਿਆ, ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
Read More : 100 ਕਰੋੜ ਦੀ ਲਾਗਤ ਨਾਲ ਪੁਨਰਵਾਸ ਤੇ ਸਫਾਈ ਮੁਹਿੰਮ ਕੀਤੀ ਜਾਵੇਗੀ ਸ਼ੁਰੂ : ਮਾਨ