-ਕਈ ਬ੍ਰਾਂਚਾਂ ਦਾ ਰਿਕਾਰਡ ਲਿਆ ਕਬਜ਼ੇ ’ਚ, ਗ਼ੈਰ ਹਾਜ਼ਰ ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ
ਪਟਿਆਲਾ, 24 ਜੂਨ : ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਵਿਖੇ ਆਬਕਾਰੀ ਕਮਿਸ਼ਨਰ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕਰਦਿਆਂ ਵੱਖ-ਵੱਖ ਬਰਾਂਚਾਂ ਵਿਚ ਜਾ ਕੇ ਜਾਇਜ਼ਾ ਲਿਆ ਅਤੇ ਇਥੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਜਾਂਚਣ ਦੇ ਨਾਲ-ਨਾਲ ਉਨ੍ਹਾਂ ਦੇ ਮੇਜਾਂ ’ਤੇ ਪਈਆਂ ਫਾਈਲਾਂ ਦੀ ਵੀ ਜਾਂਚ ਕੀਤੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਨ੍ਹਾਂ ਦੀ ਇਹ ਚੈਕਿੰਗ ਵਿਸ਼ੇਸ਼ ਕਰ ਕੇ ਕਈ ਫਾਈਲਾਂ ਅਤੇ ਕੇਸਾਂ ਦਾ ਨਿਪਟਾਰਾ ਕਰਨ ’ਚ ਹੋ ਰਹੀ ਦੇਰੀ ਦਾ ਕਾਰਨ ਜਾਨਣਾ ਹੈ। ਇਸ ਦੌਰਾਨ ਵਿੱਤ ਮੰਤਰੀ ਅਤੇ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਕਈ ਤਰ੍ਹਾਂ ਦੇ ਦਸਤਾਵੇਜ਼ ਆਪਣੇ ਕਬਜ਼ੇ ’ਚ ਲਏ ਅਤੇ ਕਈਆਂ ਦੀ ਸੂਚੀ ਬਣਾ ਕੇ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ।
ਸਰਕਾਰੀ ਦਸਤਾਵੇਜ਼ੀ ਫਾਈਲਾਂ ਦੇ ਨਾਲ-ਨਾਲ ਉਨ੍ਹਾਂ ਨੇ ਐਕਸਾਈਜ਼ ਵਿਭਾਗ ’ਚ ਚੱਲ ਰਹੇ ਕੰਮਕਾਜ, ਜਿਸ ’ਚ ਈ ਆਫਿਸ ਮੁੱਖ ਰੂਪ ਨਾਲ ਸ਼ਾਮਲ ਹੈ, ਦੀ ਵੀ ਜਾਂਚ ਕੀਤੀ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਕ ਕੇਸ ਜਾਂ ਫਾਈਲ ਨਿਪਟਾਉਣ ’ਚ ਕਿੰਨੀ ਦੇਰੀ ਹੋ ਰਹੀ ਹੈ ਅਤੇ ਕੀ ਇਹ ਕੰਮ ਤੁਰੰਤ ਹੋ ਰਹੇ ਹਨ ਜਾਂ ਇਕ-ਦੋ ਦਿਨ ਦੀ ਕੁਤਾਹੀ ਵੀ ਵਰਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਆਖਿਆ ਕਿ ਕੰਮ ਕਰਨ ਜਾਂ ਫਾਇਲ ਨਿਪਟਾਉਣ ’ਚ ਦੇਰੀ ਵੀ ਭ੍ਰਿਸ਼ਟਾਚਾਰ ਮੰਨਿਆ ਜਾਵੇਗਾ।
ਇਸ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਬਰਾਂਚਾਂ ਦੇ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਅਤੇ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਮੌਕੇ ’ਤੇ ਮੌਜੂਦ ਨਹੀਂ ਸੀ, ਉਨ੍ਹਾਂ ਦੀ ਹਾਜ਼ਰੀ ਵੀ ਜਾਂਚੀ ਅਤੇ ਜਿਹੜੇ ਅਧਿਕਾਰੀ ਬਿਨਾਂ ਮੂਵਮੈਂਟ ਰਜਿਸਟਰ ਭਰੇ ਆਪਣੇ ਡੈਪੂਟੇਸ਼ਨ ਵਾਲੇ ਸਥਾਨ ’ਤੇ ਗਏ ਹੋਏ ਸਨ, ਉਨ੍ਹਾਂ ਦੀ ਵੀ ਪੜਤਾਲ ਕੀਤੀ।
ਮੰਤਰੀ ਚੀਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੰਮ ਵਿਚ ਦੇਰੀ ਕਰਦਾ ਹੈ ਤਾਂ ਉਹ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਹੈ, ਉਨ੍ਹਾਂ ਕਿਹਾ ਕਿ ਨੈਗਟਿਵ ਰਿਪੋਰਟ ਜਾਂ ਪਾਜੀਟਿਵ ਰਿਪੋਰਟ ਦੇਣੀ ਉਸ ਅਧਿਕਾਰੀ ਦਾ ਅਧਿਕਾਰ ਖੇਤਰ ਹੈ ਪਰ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਜਾਣਬੁਝ ਕੇ ਕੀਤੀ ਹੋਈ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਬਕਾਰੀ ਮੰਤਰੀ ਨੇ ਕਿਹਾ ਕਿ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਮੂਵਮੈਂਟ ਰਜਿਸਟਰ ਭਰੇ ਦਫਤਰ ’ਚ ਮੌਜੂਦ ਨਹੀਂ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕੁਝ ਬਰਾਂਚਾਂ ਦਾ ਰਿਕਾਰਡ ਕਬਜ਼ੇ ’ਚ ਲਿਆ ਹੈ ਅਤੇ ਕੁਝ ਅਧਿਕਾਰੀਆਂ ਦੀ ਪੜਤਾਲ ਕਰਨ ਲਈ ਕਹਿ ਦਿੱਤਾ ਹੈ।
ਐਡਵੋਕੇਟ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਨ੍ਹਾਂ ਮੁੱਦਿਆਂ ’ਤੇ ਪੰਜਾਬ ਦੀ ਸੱਤਾ ਵਿਚ ਆਈ ਸੀ, ਉਨ੍ਹਾਂ ਸਾਰੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਕ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਦੇਣ ਦੇ ਨਾਲ-ਨਾਲ ਸਮਾਂਬੱਧ ਤਰੀਕੇ ਨਾਲ ਉਨ੍ਹਾਂ ਦੇ ਕੰਮ ਵੀ ਕੀਤੇ ਜਾਣਗੇ।
ਇਸ ਮੌਕੇ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ, ਡਾਇਰੈਕਟਰ ਇਨਵੇਸਟੀਗੇਸ਼ਨ ਜਸਕਰਨ ਸਿੰਘ ਬਰਾੜ, ਵਧੀਕ ਡਾਇਰੈਕਟਰ ਐਕਸਾਇਜ ਐਂਡ ਟੈਕਸੇਸ਼ਨ ਗੁਰਪ੍ਰੀਤ ਸਿੰਘ, ਏ. ਆਈ. ਜੀ. ਸੁਖਮਿੰਦਰ ਸਿੰਘ ਚੌਹਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Read More : ਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫਤਾਰੀ ਪ੍ਰਕਿਰਿਆ ਸ਼ੁਰੂ