Giani-Kuldeep-Singh-Gargajj

ਚੰਡੀਗੜ੍ਹ ਸਿਰਫ ਪੰਜਾਬ ਦਾ ਹੈ : ਜਥੇਦਾਰ ਕੁਲਦੀਪ ਸਿੰਘ ਗੜਗੱਜ

ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੰਡੀਗੜ੍ਹ ਮਾਮਲੇ ਸਬੰਧੀ ਸਰਕਾਰ ਨੂੰ ਤਿੱਖਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ’ਤੇ ਹੱਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਾਰਮਿਕ ਆਜ਼ਾਦੀ ਲਈ ਸ਼ਹੀਦ ਹੋਏ ਸਨ ਅਤੇ ਇਸ ਪਵਿੱਤਰ ਮੌਕੇ ’ਤੇ ਹੀ ਪੰਜਾਬ ਦੇ ਹੱਕਾਂ ਨੂੰ ਸਰਕਾਰ ਵੱਲੋਂ ਖਤਰੇ ਵਿਚ ਪਾਉਣਾ ਬਹੁਤ ਦੁੱਖਦਾਈ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਚੰਡੀਗੜ੍ਹ ਹਵਾ ਵਿਚ ਨਹੀਂ ਬਣਿਆ ਸਗੋਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਇਲਾਕਾ ਹੈ, ਜਿਸ ਨਾਲ ਇਸ ਦੀ ਪੂਰੀ ਵਿਰਾਸਤ ਅਤੇ ਮਲਕੀਅਤ ਪੰਜਾਬ ਨਾਲ ਸੰਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਸਿਰਫ ਸਿੱਖਾਂ ਦਾ ਨਹੀਂ ਸਗੋਂ ਪੰਜਾਬ ਦੇ ਸਾਰੇ ਵਸਨੀਕਾਂ ਦਾ ਹੈ। ਪੰਜਾਬ ਵਿਚ ਸਿੱਖ, ਹਿੰਦੂ ਅਤੇ ਮੁਸਲਮਾਨ ਸਭ ਵੱਡੀ ਗਿਣਤੀ ਵਿਚ ਰਹਿੰਦੇ ਹਨ ਅਤੇ ਚੰਡੀਗੜ੍ਹ ਉਨ੍ਹਾਂ ਸਭ ਦਾ ਹੈ।

ਜਥੇਦਾਰ ਸਾਹਿਬ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਕਿਸੇ ਦੀ ਮਰਜ਼ੀ ਨਾਲ ਕੱਟ ਕੇ ਖਾ ਲਈ ਜਾਵੇ। ਪੰਜਾਬ ਲੋਹੇ ਦੇ ਚਣੇ ਹਨ ਤੇ ਚੱਬੇ ਨਹੀਂ ਜਾਣੇ। ਉਨ੍ਹਾਂ ਨੇ ਚੰਡੀਗੜ੍ਹ ’ਤੇ ਅਧਿਕਾਰ ਘਟਾਉਣ ਜਾਂ ਕਾਨੂੰਨੀ ਤਬਦੀਲੀਆਂ ਰਾਹੀਂ ਪੰਜਾਬ ਦੇ ਹੱਕ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਗਲਤ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਹੜੇ ਵੀ ਲੋਕ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੀਆਂ ਸਲਤਨਤਾਂ ਕਾਇਮ ਨਹੀਂ ਰਹੀਆਂ। ਸਿੱਖ ਕੌਮ ਪਿਆਰ, ਸਾਂਝ ਅਤੇ ਭਾਈਚਾਰੇ ਨਾਲ ਜੀਣ ਵਾਲੀ ਕੌਮ ਹੈ ਪਰ ਆਪਣੇ ਹੱਕਾਂ ਦੀ ਰੱਖਿਆ ਲਈ ਕਦੇ ਵੀ ਪਿੱਛੇ ਨਹੀਂ ਹੱਟਦੀ। ਅੰਤ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਫ਼ ਕੀਤਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਕਿਸੇ ਹੋਰ ਦਾ ਅਧਿਕਾਰ ਬਣਦਾ ਹੀ ਨਹੀਂ ਅਤੇ ਇਸ ਮਾਮਲੇ ਵਿਚ ਪੰਜਾਬ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੀ ਕੋਈ ਵੀ ਕਾਰਵਾਈ ਕਬੂਲ ਨਹੀਂ ਕੀਤੀ ਜਾਵੇਗੀ।

Read More : ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ : ਮੁੱਖ ਮੰਤਰੀ ਮਾਨ

Leave a Reply

Your email address will not be published. Required fields are marked *