ਪੋਕਲੇਨ ’ਤੇ ਚੜ੍ਹ ਕੇ ਬਚਾਈ ਜਾਨ
ਪਠਾਨਕੋਟ, 24 ਜੂਨ : -ਮੰਗਲਵਾਰ ਨੂੰ ਚੱਕੀ ਦਰਿਆ ’ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਸਭ ਤੋਂ ਵੱਡਾ ਅਸਰ ਰੇਲਵੇ ਪੁਲ ਦੀ ਮੁਰੰਮਤ ਕਾਰਜ ’ਤੇ ਪਿਆ, ਜਿੱਥੇ ਕੰਮ ਕਰ ਰਹੇ ਮਜ਼ਦੂਰਾਂ ਦੀ ਜਾਨ ਖਤਰੇ ’ਚ ਪੈ ਗਈ। ਸਵੇਰੇ ਲਗਭਗ 11 ਵਜੇ ਤੱਕ ਦਰਿਆ ਦਾ ਪਾਣੀ ਆਮ ਸੀ ਅਤੇ ਕਰੀਬ ਤਿੰਨ ਫੁੱਟ ਦੇ ਕਰੀਬ ਵਹਿ ਰਿਹਾ ਸੀ ਪਰ ਦੁਪਹਿਰ 1 ਵਜੇ ਦੇ ਕਰੀਬ ਪਾਣੀ ਦਾ ਪੱਧਰ ਅਚਾਨਕ ਵਧ ਕੇ ਸਢੇ 8 ਫੁੱਟ ਤੱਕ ਪਹੁੰਚ ਗਿਆ, ਜਿਸ ਨਾਲ ਹੜਕੰਪ ਮਚ ਗਿਆ।

ਰੇਲਵੇ ਪੁਲ ਦੀ ਮੁਰੰਮਤ ਲਈ ਲਿਆਂਦੇ ਗਏ ਭਾਰੀ ਸਾਜੋ-ਸਾਮਾਨ ਵਿਚ ਕੰਮ ਕਰ ਰਹੇ ਮਜ਼ਦੂਰ ਇਸ ਅਚਾਨਕ ਆਏ ਹੜ੍ਹ ’ਚ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਕਰੇਨ, ਜੋ ਪੁਲ ਦੀ ਸੁਰੱਖਿਆ ਲਈ ਵਰਤੀ ਜਾ ਰਹੀ ਸੀ, ਉਸ ’ਚ ਕੁਝ ਮਜ਼ਦੂਰ ਫਸ ਗਏ। ਪਾਣੀ ਦਾ ਤੇਜ਼ੀ ਨਾਲ ਵੱਧ ਰਿਹਾ ਵਹਾਅ ਦੇਖ ਕੇ ਮਜ਼ਦੂਰਾਂ ਨੇ ਆਪਣੀ ਜਾਨ ਬਚਾਉਣ ਲਈ ਨੇੜੇ ਖੜ੍ਹੀ ਪੋਕਲੇਨ ਮਸ਼ੀਨ ’ਤੇ ਚੜ੍ਹ ਕੇ ਸ਼ਰਨ ਲੈ ਲਈ। ਇਸ ਕਾਰਨ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਨੇੜਲੇ ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੱਕੀ ਦਰਿਆ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ, ਜਿਸ ਕਰ ਕੇ ਚੱਕੀ ਇਲਾਕੇ ’ਚ ਹੜ੍ਹ ਵਰਗੀ ਸਥਿਤੀ ਬਣ ਗਈ। ਕਿਉਂਕਿ ਚੱਕੀ ਦਰਿਆ ਕਈ ਇਲਾਕਿਆਂ ਵੱਲੋਂ ਵਹਿੰਦਾ ਹੈ ਅਤੇ ਇਸਦਾ ਇਕ ਵੱਡਾ ਹਿੱਸਾ ਰੇਲਵੇ ਟਰੈਕ ਦੇ ਹੇਠੋਂ ਲੰਘਦਾ ਹੈ, ਇਸ ਲਈ ਰੇਲਵੇ ਪ੍ਰਸ਼ਾਸਨ ਪੁਲ ਦੀ ਮਜ਼ਬੂਤੀ ਅਤੇ ਸੇਫਟੀ ਵਾਲ ਦੇ ਨਿਰਮਾਣ ’ਚ ਜੁਟਿਆ ਹੋਇਆ ਸੀ। ਰੇਲਵੇ ਪੁਲ ਹੇਠਾਂ ਚੱਲ ਰਿਹਾ ਸੇਫਟੀ ਵਾਲ ਦਾ ਕੰਮ ਇਸ ਹੜ੍ਹ ਕਰ ਕੇ ਤੁਰੰਤ ਰੋਕਣਾ ਪਿਆ।
ਸਮੇਂ ਸਿਰ ਮਿਲੀ ਚਿਤਾਵਨੀ ਪਰ ਲੇਬਰ ਨਹੀਂ ਹਟਾਈ
ਇਸ ਘਟਨਾ ’ਤੇ ਇਰੀਗੇਸ਼ਨ ਵਿਭਾਗ ਦੇ ਡਿਸਚਾਰਜ ਅਧਿਕਾਰੀ ਓਮ ਪ੍ਰਕਾਸ਼ ਸਲਾਰੀਆ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਚੱਕੀ ’ਚ ਪਾਣੀ ਦੀ ਪੱਧਰ ਵਧ ਸਕਦਾ ਹੈ ਕਿਉਂਕਿ ਪਹਾੜਾਂ ’ਚ ਭਾਰੀ ਮੀਂਹ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਉੱਤੇ ਸੂਚਿਤ ਕਰਨ ਦੇ ਬਾਵਜੂਦ ਲੇਬਰ ਨੂੰ ਉਥੋਂ ਹਟਾਇਆ ਨਹੀਂ ਗਿਆ, ਜਿਸ ਕਾਰਨ ਇਹ ਸਥਿਤੀ ਬਣੀ।
ਐੱਨ. ਡੀ. ਆਰ. ਐੱਫ. ਦੀ ਤੁਰੰਤ ਕਾਰਵਾਈ
ਰੇਲਵੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਨ. ਡੀ. ਆਰ. ਐੱਫ. ਦੀ 14ਵੀਂ ਕੰਪਨੀ ਨੂਰਪੁਰ ਤੋਂ ਇੰਸਪੈਕਟਰ ਆਨੰਦ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਮੌਕੇ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਅਤੇ ਤੁਰੰਤ ਰਾਹਤ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੀ ਸਮਝਦਾਰੀ ਅਤੇ ਟੀਮ ਦੀ ਚੁਸਤੀ ਨਾਲ ਇਕ ਵੱਡੀ ਘਟਨਾ ਟਲ ਗਈ। ਇੰਸਪੈਕਟਰ ਆਨੰਦ ਨੇ ਦੱਸਿਆ ਕਿ ਜੇ ਹੋਰ ਕੁਝ ਸਮਾਂ ਲੱਗ ਜਾਂਦਾ ਤਾਂ ਇਹ ਹਾਦਸਾ ਵੱਡਾ ਰੂਪ ਲੈ ਸਕਦਾ ਸੀ।
Read More : ਅਮਰਨਾਥ ਯਾਤਰਾ ਨੂੰ ਲੈ ਕੇ ਪੁਲਸ ਅਤੇ ਫੌਜ ਚੌਕਸ