ਲੁਧਿਆਣਾ, 29 ਜੁਲਾਈ : ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ ਨੇ ਮੰਗਲਵਾਰ ਕਰਮਚਾਰੀਆਂ ਦੀ ਇਕ ਟੀਮ ਨਾਲ ਬਹਾਦਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਚ ਚੈਕਿੰਗ ਮੁਹਿੰਮ ਚਲਾਈ ਤੇ ਕਈ ਆੜ੍ਹਤੀਆਂ ਦੇ ਲੇਜ਼ਰ ਖਾਤੇ ਅਤੇ ਹੋਰ ਰਿਕਾਰਡ ਜ਼ਬਤ ਕੀਤੇ।
ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਭਾਗ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੰਡੀ ਵਿੱਚ ਕਈ ਆੜ੍ਹਤੀ ਸਬਜ਼ੀਆਂ ਅਤੇ ਫਲਾਂ ਦੀ ਖਰੀਦ-ਵੇਚ ਦੇ ਡਾਟੇ ਵਿਚ ਬਹੁਤ ਹੇਰਾਫੇਰੀ ਕਰ ਕੇ ਮਾਰਕੀਟ ਕਮੇਟੀ ਦੇ ਮਾਲੀਏ ਨੂੰ ਧੋਖਾ ਦੇ ਰਹੇ ਹਨ ਤੇ ਕਿਸਾਨਾਂ ਤੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਬਾਹਰੀ ਰਾਜਾਂ ਦੇ ਵਪਾਰੀਆਂ ਦੁਆਰਾ ਮੰਗਵਾਏ ਮਾਲ ਦਾ ਪੂਰਾ ਵਜ਼ਨ ਤੇ ਸਹੀ ਕੀਮਤਾਂ ਮਾਰਕੀਟ ਕਮੇਟੀ ਦੇ ਸਰਕਾਰੀ ਖਾਤੇ ਵਿਚ ਦਰਜ ਨਹੀਂ ਕਰ ਰਹੇ ਹਨ, ਜਿਸ ਵਿੱਚ ਮਾਰਕੀਟ ਕਮੇਟੀ ਦੇ ਕੁਝ ਭ੍ਰਿਸ਼ਟ ਕਰਮਚਾਰੀਆਂ ਦੀ ਸ਼ਮੂਲੀਅਤ ਦੀ ਵੀ ਗੱਲ ਹੈ।
ਚੇਅਰਮੈਨ ਗਿੱਲ ਨੇ ਕਿਹਾ ਕਿ ਚੈਕਿੰਗ ਦੌਰਾਨ ਮਾਰਕੀਟ ਕਮੇਟੀ ਨੇ ਮੰਡੀ ਵਿੱਚ ਕੁਝ ਸ਼ੱਕੀ ਕਮਿਸ਼ਨ ਏਜੰਟਾਂ ਦੇ ਲੇਜ਼ਰ ਖਾਤੇ ਜ਼ਬਤ ਕੀਤੇ ਹਨ, ਜਿਨ੍ਹਾਂ ਦਾ ਮੇਲ ਮਾਰਕੀਟ ਕਮੇਟੀ ਦੇ ਸਰਕਾਰੀ ਖਾਤਿਆਂ ਨਾਲ ਕੀਤਾ ਜਾ ਸਕਦਾ ਹੈ ਤੇ ਜੇਕਰ ਇਸ ਦੌਰਾਨ ਕੋਈ ਬੇਨਿਯਮੀਆਂ ਪਾਈਆਂ ਜਾਂਦੀਆਂ ਹਨ ਤਾਂ ਸਬੰਧਤ ਆੜ੍ਹਤੀਆ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
Read More : ਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ