ਸ੍ਰੀ ਹਰਗੋਬਿੰਦਪੁਰ ਸਾਹਿਬ, 10 ਸਤੰਬਰ : ਜ਼ਿਲਾ ਗੁਰਦਾਸਪੁਰ ਵਿਚ ਬੁੱਧਵਾਰ ਸਵੇਰੇ ਕਸਬਾ ਹਰਚੋਵਾਲ ਦੇ ਨਜ਼ਦੀਕੀ ਪਿੰਡ ਭਾਮੜੀ ਵਿਚ ਕੇਂਦਰੀ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ। ਕੇਂਦਰੀ ਜਾਂਚ ਏਜੰਸੀ ਇਕ ਮੁਲਜਮ ਦੀ ਨਿਸ਼ਾਨਦਹੀ ਤੇ ਪਿੰਡ ਭਾਮੜੀ ਦੇ ਇਕ ਖਾਲੀ ਪਲਾਟ ਵਿਚੋਂ ਵਿਸਫੋਟਕ ਸਮੱਗਰੀ ਦੀ ਤਲਾਸ਼ ਕਰ ਰਹੀ ਹੈ। ਹਾਲਾਂਕਿ ਇਸ ਸਬੰਧੀ ਬਟਾਲਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਇੱਕ ਮੰਦਰ ਤੇ ਹੋਏ ਹਮਲੇ ਦੇ ਸੰਬੰਧ ਵਿਚ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਵੱਲੋਂ ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭੈਣੀ ਬਾਂਗਰ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਹੀ ਨੌਜਵਾਨ ਦੀ ਨਿਸ਼ਾਨਦਹੀ ਉਤੇ ਏਜੰਸੀ ਵੱਲੋਂ ਪਿੰਡ ਭਾਮੜੀ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ।
ਪਿੰਡ ਭਾਮੜੀ ਦੇ ਆਲੇ ਦੁਆਲੇ ਸਖਤ ਨਾਕਾਬੰਦੀ ਹੋਈ ਹੈ। ਜਾਣਕਾਰੀ ਅਨੁਸਾਰ ਵਿਸਫੋਟਕ ਸਮੱਗਰੀ ਇੱਕ ਖਾਲੀ ਪਲਾਟ ਵਿਚ ਪਲਾਸਟਿਕ ਦੀ ਬਾਲਟੀ ਵਿਚ ਦੱਬੀ ਹੋਈ ਹੈ। ਮੌਕੇ ਤੇ ਬੰਬ ਡਿਫੀਊਜਰ ਟੀਮ ,ਫਾਇਰ ਬ੍ਰਿਗੇਡ ਤੇ ਹੋਰ ਟੀਮਾਂ ਪਹੁੰਚ ਗਈਆਂ ਹਨ।
Read More : ਸਪੀਕਰ ਸੰਧਵਾਂ ਵੱਲੋਂ ਮਕੌੜਾ ਪੱਤਣ ਦੇ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ