ਮੁੱਲਾਂਪੁਰ ਦਾਖਾ

ਮਨਰੇਗਾ ’ਚ ਸੋਧ ਕਰ ਕੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਹੈ ਕੇਂਦਰ ਸਰਕਾਰ : ਬਘੇਲ, ਰਾਜਾ ਵੜਿੰਗ

ਮੁੱਲਾਂਪੁਰ ਦਾਖਾ, 31 ਜਨਵਰੀ : ਹਲਕਾ ਦਾਖਾ ਦੀ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਕਰਵਾਈ ‘ਮਨਰੇਗਾ ਬਚਾਓ ਰੈਲੀ’ ’ਚ ਭਾਰੀ ਜਨਸਮੂਹ ਇਕੱਠਾ ਹੋਇਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿੱਖੇ ਸ਼ਬਦੀ ਹਮਲੇ ਕੀਤੇ।

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ’ਤੇ ਹਮਲਾ ਕੀਤਾ ਸੀ, ਹੁਣ ਮਨਰੇਗਾ ’ਚ ਸੋਧ ਕਰ ਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਇਸ ਬਿੱਲ ਨੂੰ ਵਾਪਸ ਕਰਵਾ ਕੇ ਹੀ ਦਮ ਲਵੇਗੀ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਮੇਜਰ ਸਿੰਘ ਮੁੱਲਾਂਪੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਗਰੀਬ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਗਾਰੰਟੀ ਸਕੀਮ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਭਾਜਪਾ ਦੀ ਕੋਝੀ ਚਾਲ ਦੱਸਿਆ।

ਇਸ ਰੈਲੀ ’ਚ ਸਹਿ-ਇੰਚਾਰਜ ਰਵਿੰਦਰ ਡਾਲਵੀ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਰਮਿੰਦਰ ਆਮਲਾ, ਡਾ. ਰਾਜ ਕੁਮਾਰ ਵੇਰਕਾ, ਕੁਲਬੀਰ ਸਿੰਘ ਜ਼ੀਰਾ, ਅਨਿਲ ਜੋਸ਼ੀ, ਗੁਰਕੀਰਤ ਸਿੰਘ ਕੋਟਲੀ, ਜਸਬੀਰ ਸਿੰਘ ਜੱਸੀ ਖੰਗੂੜਾ, ਜਗਤਾਰ ਸਿੰਘ ਜੱਗਾ, ਸਿਮਰਜੀਤ ਸਿੰਘ ਬੈਂਸ, ਮਲਕੀਤ ਸਿੰਘ ਦਾਖਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜਸਬੀਰ ਸਿੰਘ ਡਿੰਪਾ, ਲਖਵੀਰ ਸਿੰਘ ਲੱਖਾ, ਬਲਵਿੰਦਰ ਸਿੰਘ ਬੈਂਸ, ਨਵਤੇਜ ਸਿੰਘ ਚੀਮਾ, ਦਲਬੀਰ ਸਿੰਘ ਗੋਲਡੀ ਸਮੇਤ ਸੈਂਕੜੇ ਆਗੂ ਮੌਜੂਦ ਸਨ।

Read More : ਈ-ਚਲਾਨ ਦਾ ਕਮਾਲ

Leave a Reply

Your email address will not be published. Required fields are marked *