AAP-Punjab

ਅਦਾਲਤ ਦੇ ਫੈਸਲੇ ਤੋਂ ਬਾਅਦ ‘ਆਪ’ ਦੇ ਚੰਡੀਗੜ੍ਹ ਦਫਤਰ ‘ਚ ਜਸ਼ਨ, ਵੰਡੇ ਲੱਡੂ

ਵਿੱਤ ਮੰਤਰੀ ਚੀਮਾ ਸਮੇਤ ਕਈ ਕੈਬਨਿਟ ਮੰਤਰੀਆਂ ਦੀ ਮੌਜੂਦਗੀ ‘ਚ ਵਰਕਰਾਂ ਨੇ ਮਨਾਇਆ ‘ਸੱਚ ਦੀ ਜਿੱਤ’ ਦਾ ਜਸ਼ਨ

ਚੰਡੀਗੜ੍ਹ, 27 ਫਰਵਰੀ : ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਨਾਂ ਆਗੂਆਂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਭਾਰੀ ਉਤਸ਼ਾਹ ਨਾਲ ਇਸ ਫੈਸਲੇ ਦਾ ਜਸ਼ਨ ਮਨਾਇਆ ਗਿਆ, ਜਿਸ ਨੂੰ ਪਾਰਟੀ ਨੇ “ਇਮਾਨਦਾਰ ਰਾਜਨੀਤੀ ਦੀ ਵੱਡੀ ਜਿੱਤ” ਕਰਾਰ ਦਿੱਤਾ।

ਇਸ ਖੁਸ਼ੀ ਦੇ ਮੌਕੇ ‘ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਦੀਪ ਸਿੰਘ ਮੁੰਡੀਆਂ ਅਤੇ ਹਰਜੋਤ ਬੈਂਸ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਜਸ਼ਨਾਂ ਦੌਰਾਨ ਸੈਂਕੜੇ ਪਾਰਟੀ ਵਰਕਰਾਂ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾਇਆ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।

ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਿਆਂਪਾਲਿਕਾ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ ਅਤੇ ‘ਆਪ’ ਦੀ ਲੀਡਰਸ਼ਿਪ ਵਿਰੁੱਧ ਰਚੀ ਗਈ ਸਿਆਸੀ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ।

ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਇਤਿਹਾਸਕ ਫੈਸਲੇ ਨੇ ਪਾਰਟੀ ਦੇ ਸਿੱਖਿਆ, ਸਿਹਤ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵੀ ਦ੍ਰਿੜਤਾ ਨਾਲ ਅੱਗੇ ਵਧਾਉਣ ਦਾ ਸੰਕਲਪ ਮਜ਼ਬੂਤ ਕੀਤਾ ਹੈ। ਵਰਕਰਾਂ ਨੇ ਇਸ ਦਿਨ ਨੂੰ ਲੋਕਤੰਤਰ ਲਈ ਮਾਣ ਵਾਲਾ ਦਿਨ ਦੱਸਦਿਆਂ ਭਵਿੱਖ ਵਿੱਚ ਹੋਰ ਵੀ ਮਿਹਨਤ ਨਾਲ ਜਨਤਾ ਦੀ ਸੇਵਾ ਕਰਨ ਦਾ ਪ੍ਰਣ ਲਿਆ।

Read More : ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਭਾਜਪਾ ਦੀ ਕੂੜ ਸਿਆਸਤ ਦਾ ਅੰਤ : ਕੁਲਦੀਪ ਧਾਲੀਵਾਲ

Leave a Reply

Your email address will not be published. Required fields are marked *