ਇੰਫਲੂਐਂਸਰ ਦੀਪਕ ਲੂਥਰਾ ਨੇ ਕੀਤੀ ਸ਼ਿਕਾਇਤ
ਅੰਮ੍ਰਿਤਸਰ, 15 ਜੂਨ :-ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਵਿਦੇਸ਼ ਭੱਜੇ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿਚ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ।
ਕਮਲ ਕੌਰ ਦੇ ਕਤਲ ਤੋਂ ਬਾਅਦ ਮਹਿਰੋਂ ਨੇ ਸੋਸ਼ਲ ਮੀਡੀਆ ਰਾਹੀਂ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕਮਲ ਕੌਰ ਭਾਬੀ ’ਤੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਪਾਉਣ ਦੇ ਦੋਸ਼ ਲਗਾਉਂਦੇ ਹੋਏ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸੇ ਪੋਸਟ ਵਿਚ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਨੂੰ ਵੀ ਕਮਲ ਕੌਰ ਵਾਂਗ ਕਾਰ ਵਿਚ ਕਤਲ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਦੀਪਿਕਾ ਲੂਥਰਾ ਨੇ ਮੀਡੀਆ ਸਾਹਮਣੇ ਆ ਕੇ ਮਹਿਰੋਂ ਖਿਲਾਫ ਕੇਸ ਦਰਜ ਕਰਨ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ।
ਦੀਪਿਕਾ ਲੂਥਰਾ ਨੇ ਅੰਮ੍ਰਿਤਸਰ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਆਪਣੀ ਵਿਥਿਆ ਸੁਣਾਈ, ਜਿਸ ਤੋਂ ਬਾਅਦ ਉਨ੍ਹਾਂ ਦੇ ਹੁਕਮਾਂ ’ਤੇ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਥਾਣੇ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਗਿਆ।
ਇਸ ਤੋਂ ਪਹਿਲਾਂ ਬਠਿੰਡਾ ਪੁਲਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਦੋ ਸਾਥੀਆਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਅੰਮ੍ਰਿਤਪਾਲ ਦੇ ਦੋ ਸਾਥੀ ਪੁਲਸ ਹਿਰਾਸਤ ਵਿਚ ਹਨ, ਪਰ ਅੰਮ੍ਰਿਤਪਾਲ ਖੁਦ ਯੂ. ਏ. ਈ. ਭੱਜ ਗਿਆ ਹੈ।
Read More : ਅੰਮ੍ਰਿਤਸਰ ਤੋਂ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋ