IPS Nanak Singh

ਲਾਪਤਾ 328 ਪਵਿੱਤਰ ਸਰੂਪਾਂ ਦਾ ਮਾਮਲਾ : ਜਾਂਚ ਲਈ ਨਵੀਂ ਐੱਸ.ਆਈ.ਟੀ. ਦਾ ਗਠਨ, ਨਾਨਕ ਸਿੰਘ ਹੋਣਗੇ ਚੇਅਰਮੈਨ

ਪੁਰਾਣੀਆਂ ਤਿੰਨੋਂ ਟੀਮਾਂ ਭੰਗ; ਹੁਣ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੀ ਨਵੀਂ ਟੀਮ ਕਰੇਗੀ ਦੋਸ਼ੀਆਂ ਦੀ ਪਛਾਣ

ਚੰਡੀਗੜ੍ਹ, 26 ਫਰਵਰੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਂਚ ਨੂੰ ਤੇਜ਼ ਕਰਨ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ।

ਨਵੇਂ ਹੁਕਮਾਂ ਅਨੁਸਾਰ ਇਸ ਮਾਮਲੇ ਵਿੱਚ ਪਹਿਲਾਂ ਬਣਾਈਆਂ ਗਈਆਂ ਤਿੰਨੋਂ ਟੀਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਜਾਂਚ ਹੁਣ ਨਵੀਂ ਟੀਮ ਦੇ ਹਵਾਲੇ ਕੀਤੀ ਗਈ ਹੈ। ਇਸ ਉੱਚ ਪੱਧਰੀ ਟੀਮ ਦੀ ਕਮਾਨ ਆਈਪੀਐੱਸ ਨਾਨਕ ਸਿੰਘ ਨੂੰ ਸੌਂਪੀ ਗਈ ਹੈ, ਜੋ ਟੀਮ ਦੇ ਚੇਅਰਮੈਨ ਵਜੋਂ ਕੰਮ ਕਰਨਗੇ।

ਇਸ ਟੀਮ ਦੇ ਹੋਰ ਪ੍ਰਮੁੱਖ ਮੈਂਬਰਾਂ ਵਿਚ ਦਰਪਨ ਆਹਲੂਵਾਲੀਆ (ਆਈਪੀਐੱਸ) : ਐੱਸਐੱਸਪੀ ਖੰਨਾ

ਗੁਰਬੰਸ ਸਿੰਘ ਬੈਂਸ (ਪੀਪੀਐੱਸ): ਐੱਸਪੀ ਡਿਟੈਕਟਿਵ, ਪਟਿਆਲਾ

ਸੁਖਨਾਜ਼ ਸਿੰਘ (ਪੀਪੀਐੱਸ): ਐੱਸਪੀ ਸਪੈਸ਼ਲ ਬ੍ਰਾਂਚ, ਮੁਹਾਲੀ

ਹਰਮਿੰਦਰ ਸਿੰਘ (ਪੀਪੀਐੱਸ): ਏਸੀਪੀ ਅੰਮ੍ਰਿਤਸਰ

ਰਜਵੰਤ ਕੌਰ: ਸਬ-ਇੰਸਪੈਕਟਰ ਅਤੇ ਐੱਸਐੱਚਓ ਸੀ-ਡਿਵੀਜ਼ਨ

ਜ਼ਿਕਰਯੋਗ ਹੈ ਕਿ ਇਹ ਮਾਮਲਾ 7 ਦਸੰਬਰ 2025 ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ ਵਿੱਚ ਐੱਫਆਈਆਰ ਨੰਬਰ 168 ਤਹਿਤ ਦਰਜ ਕੀਤਾ ਗਿਆ ਸੀ। ਇਸ ਵਿੱਚ ਆਈਪੀਸੀ ਦੀਆਂ ਗੰਭੀਰ ਧਾਰਾਵਾਂ 295, 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 409, 465 ਅਤੇ 120-ਬੀ (ਸਾਜ਼ਿਸ਼ ਘੜਨੀ) ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਸ ਟੀਮ ਨੂੰ ਹਰ ਤਰ੍ਹਾਂ ਦਾ ਪ੍ਰਸ਼ਾਸਨਿਕ ਅਤੇ ਲੋਜਿਸਟਿਕ ਸਹਿਯੋਗ ਦਿੱਤਾ ਜਾਵੇਗਾ। ਜਾਂਚ ਨੂੰ ਪੂਰੀ ਤਰ੍ਹਾਂ ਨਿਰਪੱਖ, ਵਿਗਿਆਨਿਕ ਅਤੇ ਤੈਅ ਸਮੇਂ ਅੰਦਰ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸੂਤਰਾਂ ਅਨੁਸਾਰ ਸਰਕਾਰ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਚਾਹੁੰਦੀ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਕਟਘਰੇ ਵਿੱਚ ਲਿਆਉਣ ਲਈ ਉੱਚ ਪੱਧਰੀ ਨਿਗਰਾਨੀ ਹੇਠ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Read More : ਪੀ.ਆਰ.ਟੀ.ਸੀ. ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ, ਕਾਰ ਚਾਲਕ ਦੀ ਮੌਤ

Leave a Reply

Your email address will not be published. Required fields are marked *