ਚੰਡੀਗੜ੍ਹ, 2 ਦਸੰਬਰ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਕਾਰਪੋਰੇਟ ਇਕਾਈ ਨੂੰ ਸਮਾਜ ’ਤੇ ਆਪਣੇ ਪ੍ਰਭਾਵ ਲਈ ਪੂਰੀ ਤਰ੍ਹਾਂ ਜਵਾਬਦੇਹ ਹੋਣ ਵਾਸਤੇ ਸੀ. ਐੱਸ. ਆਰ. ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ।
ਵਿੱਤ ਮੰਤਰੀ ਨੇ ਇਹ ਟਿੱਪਣੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ਲਈ ਰਸਮੀ ਤੌਰ ’ਤੇ ਯੋਗਦਾਨ ਪ੍ਰਾਪਤ ਕਰਨ ਸਮੇਂ ਕੀਤੀ। ਫੰਡ ’ਚ ਯੋਗਦਾਨ ਵਜੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸਰਵਜੀਤ ਸਿੰਘ ਸਮਰਾ ਵੱਲੋਂ 31 ਲੱਖ ਰੁਪਏ ਦਾ ਚੈੱਕ ਵਿੱਤ ਮੰਤਰੀ ਨੂੰ ਸੌਂਪਿਆ ਗਿਆ।
ਵਿੱਤ ਮੰਤਰੀ ਚੀਮਾ ਨੇ ਬੈਂਕ ਵੱਲੋਂ ਖੁੱਲ੍ਹੇ ਦਿਲ ਨਾਲ ਫੰਡ ’ਚ ਯੋਗਦਾਨ ਦੇਣ ਦੇ ਉਪਰਾਲੇ ਅਤੇ ਸਮਾਜਿਕ ਜਵਾਬਦੇਹੀ ਪ੍ਰਤੀ ਅਦਾਰੇ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ‘ਚ ਪਾਏ ਜਾਣ ਵਾਲੇ ਯੋਗਦਾਨ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਪੰਜਾਬ ਭਰ ਦੇ ਉਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਸਾਲ ਭਿਆਨਕ ਹੜ੍ਹਾਂ ਦੀ ਮਾਰ ਝੱਲੀ ਹੈ।
ਵਿੱਤ ਮੰਤਰੀ ਮੰਤਰੀ ਨੇ ਕਿਹਾ ਕਿ ਕੈਪੀਟਲ ਸਮਾਲ ਫਾਈਨਾਂਸ ਬੈਂਕ ਦਾ ਇਹ ਮਹੱਤਵਪੂਰਨ ਯੋਗਦਾਨ ਇਨ੍ਹਾਂ ਪਰਿਵਾਰਾਂ ਲਈ ਚੱਲ ਰਹੇ ਰਾਹਤ ਅਤੇ ਮੁੜ ਵਸੇਬਾ ਯਤਨਾਂ ‘ਚ ਸਿੱਧੇ ਤੌਰ ‘ਤੇ ਮੱਦਦਗਾਰ ਸਾਬਤ ਹੋਵੇਗਾ।
Read More : ਕੈਪਟਨ ਅਤੇ ਜਾਖੜ ਨੇ ਭਾਜਪਾ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਇਆ : ਹਰਸਿਮਰਤ ਬਾਦਲ
