ਮੋਦੀ ਅਤੇ ਕਾਰਨੀ

ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ

ਰੱਖਿਆ ਤੇ ਊਰਜਾ ਖੇਤਰਾਂ ’ਚ ਸਹਿਯੋਗ ਵਧਾਉਣਗੇ ਦੋਵੇਂ ਦੇਸ਼; ਪੱਛਮੀ ਏਸ਼ੀਆ ਦੇ ਤਣਾਅ ’ਤੇ ਮੋਦੀ ਨੇ ਪ੍ਰਗਟਾਈ ਚਿੰਤਾ

ਨਵੀਂ ਦਿੱਲੀ, 2 ਮਾਰਚ : ਕੈਨੇਡਾ ਵੱਲੋਂ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਸੋਮਵਾਰ ਨੂੰ ਹੈਦਰਾਬਾਦ ਹਾਊਸ ’ਚ ਹੋਈ ਮੁਲਾਕਾਤ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਗਿਆ। ਦੋਵਾਂ ਨੇਤਾਵਾਂ ਨੇ ਨਿਵੇਸ਼, ਵਪਾਰ ਅਤੇ ਸਿਵਲ ਪ੍ਰਮਾਣੂ ਊਰਜਾ ਦੇ ਖੇਤਰ ’ਚ ਲੰਬੇ ਸਮੇਂ ਦੇ ਸਹਿਯੋਗ ਲਈ ਇਕ ਇਤਿਹਾਸਕ ਸਮਝੌਤੇ ’ਤੇ ਦਸਤਖ਼ਤ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਭਾਈਵਾਲੀ ਨਾਲ ਦੋਵਾਂ ਦੇਸ਼ਾਂ ’ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਦੋਵੇਂ ਦੇਸ਼ ਰੱਖਿਆ ਉਦਯੋਗ, ਊਰਜਾ, ਖੇਤੀਬਾੜੀ ਤਕਨਾਲੋਜੀ ਅਤੇ ਖੁਰਾਕ ਸੁਰੱਖਿਆ ਦੇ ਖੇਤਰ ’ਚ ਮਿਲ ਕੇ ਕੰਮ ਕਰਨਗੇ। ਇਸ ਤੋਂ ਇਲਾਵਾ, ਉੱਨਤ ਰਿਐਕਟਰ ਤਕਨਾਲੋਜੀਆਂ ਦੇ ਵਿਕਾਸ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਵਧਾਉਣ ’ਤੇ ਵੀ ਸਹਿਮਤੀ ਬਣੀ ਹੈ।

ਪੱਛਮੀ ਏਸ਼ੀਆ ’ਚ ਈਰਾਨੀ ਹਮਲੇ ਅਤੇ ਵਧਦੇ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ’ਚ ਸ਼ਾਂਤੀ ਤੇ ਸਥਿਰਤਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੋਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੇ ਅੱਤਵਾਦ ਅਤੇ ਕੱਟੜਤਾ ਦਾ ਮੁਕਾਬਲਾ ਕਰਨ ਲਈ ਵੀ ਆਪਸੀ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਨਵੀਆਂ ਉਮੀਦਾਂ ਨਾਲ ਆਪਣੀ ਭਾਈਵਾਲੀ ਨੂੰ ਅੱਗੇ ਵਧਾ ਰਹੇ ਹਨ ਅਤੇ ਭਵਿੱਖ ਦਾ ਰਸਤਾ ਤੈਅ ਕਰ ਰਹੇ ਹਨ। ਦੋਵਾਂ ਦੇਸ਼ਾਂ ਨੇ ਲੋਕਰਾਜੀ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਭਲਾਈ ਪ੍ਰਤੀ ਆਪਣਾ ਸਾਂਝਾ ਦ੍ਰਿਸ਼ਟੀਕੋਣ ਦੁਹਰਾਇਆ।

Read More : ਚੰਦਰ ਗ੍ਰਹਿਣ ਅੱਜ : ਪੂਰਾ ਦਿਨ ਮੰਦਰ ਰਹਿਣਗੇ ਬੰਦ

Leave a Reply

Your email address will not be published. Required fields are marked *