ਖਨੌਰੀ, 10 ਅਪ੍ਰੈਲ : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮਕਰੌੜ ਸਾਹਿਬ ਵਿਖੇ ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸੂਬਾ ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਪ੍ਰੋਜੈਕਟ ‘ਤੇ ਕਰੀਬ 12.42 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਦਰਿਆ ਦੇ ਕੁੱਲ 42 ਕਿਲੋਮੀਟਰ ਲੰਬੇ ਹਿੱਸੇ ਨੂੰ ਉੱਚਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਵਿੱਚ ਪਿੰਡ ਅੰਦਾਨਾ ਵਿਖੇ 1.83 ਕਰੋੜ, ਮਕਰੌੜ ਸਾਹਿਬ ਤੋਂ ਕੜੈਲ ਤੱਕ 6.46 ਕਰੋੜ ਅਤੇ ਖਨੌਰੀ ਤੋਂ ਮਕਰੌੜ ਸਾਹਿਬ ਤੱਕ 4.13 ਕਰੋੜ ਰੁਪਏ ਦੀ ਲਾਗਤ ਨਾਲ ਪੱਥਰ ਲਗਾਉਣ ਅਤੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਕੰਮ ਸ਼ਾਮਲ ਹਨ।
ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲਾਂ ਕੀਤੇ ਗਏ ਕੰਮਾਂ ਸਦਕਾ ਹੀ ਸਾਲ 2025 ਦੇ ਭਾਰੀ ਮੀਂਹ ਦੌਰਾਨ ਲੋਕਾਂ ਦਾ ਬਚਾਅ ਹੋ ਸਕਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਕੁਦਰਤੀ ਆਫ਼ਤਾਂ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣਾ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੀ ਰੱਖਿਆ ਕਰਨਾ ਹੈ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟੀ ਹੈ, ਜਿਸ ਨਾਲ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ। ਇਸ ਮੌਕੇ ਉਨ੍ਹਾਂ ਸੰਗਰੂਰ ਦੀ ਧਰਤੀ ਦੇ ਸਨਮਾਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਖਿੱਤੇ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼, ਵਿਭਾਗੀ ਅਧਿਕਾਰੀ ਅਤੇ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ।
Read More : ਕਮਲ ਕੌਰ ਭਾਬੀ ਕਤਲ ਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ 5 ਦਿਨਾਂ ਦੇ ਰਿਮਾਂਡ ‘ਤੇ
