ਵਿਦਿਆਰਥੀ ਪੰਜਾਬੀ ਪੜ੍ਹਨ ਵਿਚ ਵੀ ਪਾਏ ਗਏ ਅਸਮਰੱਥ; ਤਿੰਨ ਅਧਿਆਪਕਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ
ਲੁਧਿਆਣਾ, 18 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਜ਼ਿਲਾ ਲੁਧਿਆਣਾ ਦੇ ਕਸਬਾ ਮਾਛੀਵਾੜਾ ਸਾਹਿਬ ਦੇ ਇੰਦਰਾ ਕਲੋਨੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਨਿਰੀਖਣ ਦੌਰਾਨ ਸਕੂਲ ਵਿੱਚ ਸਿੱਖਿਆ ਦੇ ਪੱਧਰ ਨੂੰ ਲੈ ਕੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ।
ਮੰਤਰੀ ਬੈਂਸ ਨੇ ਦੇਖਿਆ ਕਿ ਜ਼ਿਆਦਾਤਰ ਵਿਦਿਆਰਥੀ ਸਧਾਰਨ ਪੰਜਾਬੀ ਪਾਠ ਪੜ੍ਹਨ ਤੋਂ ਵੀ ਅਸਮਰੱਥ ਸਨ। ਇਸ ਗੰਭੀਰ ਲਾਪਰਵਾਹੀ ‘ਤੇ ਸਖ਼ਤ ਕਾਰਵਾਈ ਕਰਦਿਆਂ ਮੰਤਰੀ ਨੇ ਮਾਛੀਵਾੜਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓ.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਅਧਿਆਪਕਾਂ ਵਿਰੁੱਧ ਕਾਰਵਾਈ ਅਤੇ ਭਵਿੱਖ ਦੀ ਚਿੰਤਾ
ਸਿੱਖਿਆ ਮੰਤਰੀ ਨੇ ਅਕਾਦਮਿਕ ਨਤੀਜੇ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਸਕੂਲ ਵਿੱਚ ਤਾਇਨਾਤ ਤਿੰਨ ਅਧਿਆਪਕਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਨਿਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਥਿਤੀ ਨੂੰ “ਬਹੁਤ ਚਿੰਤਾਜਨਕ” ਦੱਸਿਆ।
ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੀ ਮੁੱਢਲੀ ਸਿੱਖਿਆ ਦੀ ਨੀਂਹ ਮਜ਼ਬੂਤ ਨਾ ਕੀਤੀ ਗਈ ਤਾਂ ਇਸ ਨਾਲ ਇੱਕ ਪੂਰੀ ਪੀੜ੍ਹੀ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖਿਆ ਦੇ ਮਿਆਰ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।
Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਦੇ ਸਿਹਤ ਢਾਂਚੇ ਦੀ ਸਮੀਖਿਆ
