ਇਹ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਲਈ ਇਕ ਸਿਧਾਂਤਕ ਤੇ ਇਤਿਹਾਸਕ ਰੋਸ : ਬਾਪੂ ਤਰਸੇਮ ਸਿੰਘ
ਬਾਬਾ ਬਕਾਲਾ ਸਾਹਿਬ, 9 ਸਤੰਬਰ : ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਐੱਮ. ਪੀ. ਜੋ ਕਿ ਡਿਬਰੂਗੜ੍ਹ ਦੀ ਜੇਲ ’ਚ ਨਜ਼ਰਬੰਦ ਹਨ, ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਨੇ ਇਕ ਕਿਹਾ ਹੈ ਕਿ ਉੱਪ ਰਾਸ਼ਟਰਪਤੀ ਦੀ ਚੋਣ ਦਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਹੈ, ਜਿਸ ਅਨੁਸਾਰ ਐੱਮ. ਪੀ. ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਐੱਮ. ਪੀ. ਭਾਈ ਸਰਬਜੀਤ ਸਿੰਘ ਖਾਲਸਾ ਨੇ ਇਸ ਚੋਣ ਵਿਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੈ।
ਇਹ ਸਿਰਫ਼ ਰਾਜਨੀਤਕ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਲਈ ਇਕ ਸਿਧਾਂਤਕ ਤੇ ਇਤਿਹਾਸਕ ਰੋਸ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ। ਹੜ੍ਹਾਂ ਨੇ ਲੋਕਾਂ ਦੇ ਘਰ, ਖੇਤ ਤੇ ਰੋਜ਼ਗਾਰ ਬਰਬਾਦ ਕਰ ਦਿੱਤੇ ਹਨ। ਇਹ ਹੜ੍ਹ ਸਿਰਫ਼ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪ੍ਰਵਾਹੀ ਦਾ ਨਤੀਜਾ ਵੀ ਹਨ।
ਦੁੱਖ ਦੀ ਗੱਲ ਹੈ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਲਈ ਕੋਈ ਵਿਸ਼ੇਸ਼ ਰਾਹਤ ਪੈਕੇਜ ਨਹੀਂ ਦਿੱਤਾ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਹਰਲੇ ਮੁਲਕਾਂ ਵਿਚ ਜਾ ਕੇ ਪੈਕੇਜ ਐਲਾਨ ਰਹੇ ਹਨ। ਇਹ ਪੰਜਾਬ ਪ੍ਰਤੀ ਉਨ੍ਹਾਂ ਦੀ ਬੇਰੁਖ਼ੀ ਨੂੰ ਸਿੱਧਾ ਸਪੱਸ਼ਟ ਕਰਦਾ ਹੈ।