ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਆਪਰੇਸ਼ਨ
ਪਟਿਆਲਾ, 11 ਨਵੰਬਰ : ਬੀਤੀ ਰਾਤ ਦਿੱਲੀ ਵਿਖੇ ਲਾਲ ਕਿਲੇ ਦੇ ਬਾਹਰ ਹੋਏ ਫਿਦਾਇਨ ਹਮਲੇ ਤੋਂ ਬਾਅਦ ਪਟਿਆਲਾ ਪੁਲਸ ਨੇ ਇਕਦਮ ਚੌਕਸੀ ਵਧਾ ਦਿੱਤੀ ਹੈ। ਬੀਤੀ ਰਾਤ ਤੋਂ ਹੀ ਨਾਕਾਬੰਦੀ ਕਰ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਦਿਨ ’ਚ ਰੇਲਵੇ ਸਟੇਸ਼ਨ ਸਮੇਤ ਬਾਕੀ ਥਾਵਾਂ ’ਤੇ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ। ਖੁਦ ਐੱਸ. ਐੱਸ. ਪੀ. ਵਰੁਣ ਸ਼ਰਮਾ ਆਪਣੀ ਟੀਮ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਤਨਾਮ ਸਿੰਘ ਅਤੇ ਥਾਣਿਆਂ ਦੇ ਐੱਸ. ਐੱਚ. ਓ. ਸਮੇਤ ਚੈਕਿੰਗ ’ਤੇ ਪਹੰਚੇ।
ਰੇਲਵੇ ਸਟੇਸ਼ਨ ’ਤੇ 2 ਘੰਟੇ ਤੱਕ ਚੈਕਿੰਗ ਚੱਲੀ ਅਤੇ ਪਹਿਲੀ ਵਾਰ ਪੁਲਸ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਈ ਅਤੇ ਟੀਮਾਂ ਬਣਾ ਕੇ ਚੈਕਿੰਗ ਸ਼ੁਰੂ ਕੀਤੀ ਗਈ। ਪੁਲਸ ਨੇ ਯਾਤਰੀਆਂ ਦੇ ਸਾਮਾਨ ਤੋਂ ਇਲਾਵਾ ਟਰੈਕ ਦੇ ਆਸ-ਪਾਸ ਅਤੇ ਜ਼ਰੂਰੀ ਥਾਵਾਂ ’ਤੇ ਚੈਕਿੰਗ ਕੀਤੀ ਗਈ। ਜਿਹੜਾ ਵੀ ਕੋਈ ਸ਼ੱਕੀ ਲੱਗਿਆ ਤਾਂ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਲੋੜ ਪੈਣ ’ਤੇ ਪਛਾਣ ਪੱਤਰ ਵੀ ਦੇਖੇ ਗਏ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਪੁੂਰੀ ਤਰ੍ਹਾਂ ਚੌਕਸ ਹੈ। ਥਾਂ-ਥਾਂ ’ਤੇ ਨਾਕਬੰਦੀ ਕਰ ਕੇ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੰਟਰਸਟੇਟ ਨਾਕਾਬੰਦੀ ਤੋਂ ਇਲਾਵਾ ਸਾਰੇ ਥਾਣਾ ਮੁੱਖੀਆਂ ਵੱਲੋਂ ਆਪਣੇ-ਆਪਣੇ ਏਰੀਏ ਦੇ ਮਹੱਤਵਪੁੂਰਨ ਥਾਵਾ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਇੰਟੈਲੀਜੈਂਸ ਟੀਮ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਵੀ ਇਹ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਪੁਲਸ ਵੱਲੋਂ ਰਾਤ ਨੂੰ ਵੀ ਚੌਕਸੀ ਵਧਾ ਦਿੱਤੀ ਗਈ ਹੈ। ਨਾਈਟ ਡੋਮੀਨੇਸਨ ਅਤੇ ਪੀ. ਸੀ. ਆਰ. ਨੂੰ ਚੌਕਸ ਕਰ ਦਿੱਤਾ ਗਿਆ ਹੈ।
Read More : ਕਾਰ ਧਮਾਕੇ ਦੀ ਖਬਰ ਬੇਹੱਦ ਦਰਦਨਾਕ ਤੇ ਚਿੰਤਾਜਨਕ : ਰਾਹੁਲ ਗਾਂਧੀ
