ਅੰਮ੍ਰਿਤਸਰ, 1 ਜੁਲਾਈ :-ਵਿਜੀਲੈਂਸ ਬਿਊਰੋ ਨੇ ਬਲਾਕ ਵਿਕਾਸ/ਪੰਚਾਇਤ ਦਫ਼ਤਰ (ਬੀ. ਡੀ. ਪੀ. ਓ) ਅੰਮ੍ਰਿਤਸਰ ਵਿੱਚ ਬਲਾਕ ਅਫ਼ਸਰ ਵਜੋਂ ਤਾਇਨਾਤ ਜਾਰਜ ਮਸੀਹ ਨੂੰ 13 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਪਿੰਡ ਬੱਕਰੌਰ, ਜ਼ਿਲਾ ਅੰਮ੍ਰਿਤਸਰ ਦੇ ਵਸਨੀਕ ਵੱਲੋਂ ਦਿੱਤੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਉਹ ਸਾਲ 2024 ਵਿੱਚ ਆਪਣੇ ਪਿੰਡ ਤੋਂ ਪੰਚਾਇਤੀ ਚੋਣ ਲੜਨਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਐੱਸ. ਐੱਸ. ਪੀ ਨੇ ਕਿਹਾ ਕਿ ਇਸ ਸਬੰਧੀ ਉਕਤ ਬਲਾਕ ਅਫ਼ਸਰ ਅਜਨਾਲਾ ਜਾਰਜ ਮਸੀਹ ਵੱਲੋਂ ਉਸ ਨੂੰ ਡਿਫਾਲਟਰ ਐਲਾਨਣ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨੇ 4 ਕਨਾਲ ਸਰਕਾਰੀ ਜ਼ਮੀਨ ਦਾ ਬਕਾਇਆ ਅਦਾ ਨਹੀਂ ਕੀਤਾ ਹੈ। ਇਸ ਸਬੰਧੀ ਉਸ ਖ਼ਿਲਾਫ਼ ਐੱਫ. ਆਈ. ਆਰ ਦਰਜ ਕੀਤੀ ਜਾਵੇਗੀ। ਮੁਲਜ਼ਮ ਨੇ ਸ਼ਿਕਾਇਤ ਕਰਤਾ ਦਾ ਨਾਮ ਡਿਫਾਲਟਰ ਸੂਚੀ ਵਿੱਚੋਂ ਕੱਢਣ ਅਤੇ ਮਾਲੀਆ ਰਿਕਾਰਡ ਵਿੱਚ ਸੋਧ ਕਰਨ ਦੇ ਬਦਲੇ 13000 ਰੁਪਏ ਦੀ ਰਿਸ਼ਵਤ ਮੰਗੀ ਸੀ।
ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਉਸ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 13000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
Read More : ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ
