18 ਲੋਕ ਗੰਭੀਰ ਜ਼ਖ਼ਮੀ; ਪ੍ਰਧਾਨ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ
ਨਾਗਪੁਰ, 1 ਮਾਰਚ : ਮਹਾਰਾਸ਼ਟਰ ਦੇ ਨਾਗਪੁਰ ਜ਼ਿਲਾ ਹੈੱਡਕੁਆਰਟਰ ਨੇੜੇ ਐਤਵਾਰ ਸਵੇਰੇ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲੀ ਇਕ ਫੈਕਟਰੀ ’ਚ ਹੋਏ ਸ਼ਕਤੀਸ਼ਾਲੀ ਧਮਾਕੇ ਨੇ ਚਾਰੇ ਪਾਸੇ ਦਹਿਸ਼ਤ ਫੈਲਾ ਦਿੱਤੀ। ਇਸ ਹਾਦਸੇ ’ਚ ਘੱਟੋ-ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲਾ ਵਿਖੇ ਵੀ ਇਕ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਦੌਰਾਨ 21 ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਰਾਉਲਗਾਓਂ ਕਾਟੋਲ ਤਹਿਸੀਲ ’ਚ ਸਥਿਤ ‘ਐੱਸ. ਬੀ. ਐੱਲ. ਐਨਰਜੀ ਲਿਮਟਿਡ’ ਨਾਂ ਦੀ ਫੈਕਟਰੀ ’ਚ ਵਾਪਰਿਆ, ਜਿੱਥੇ ਮਾਈਨਿੰਗ ਅਤੇ ਉਦਯੋਗਿਕ ਕੰਮਾਂ ਲਈ ਵਿਸਫੋਟਕ ਤਿਆਰ ਕੀਤੇ ਜਾਂਦੇ ਸਨ।
ਧਮਾਕਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ, ਜਿਸ ਕਾਰਨ ਇਨ੍ਹਾਂ ਦੀ ਪਛਾਣ ਕਰਨੀ ਅਸੰਭਵ ਹੋ ਗਈ ਹੈ। ਹੁਣ ਪਛਾਣ ਦੀ ਪੁਸ਼ਟੀ ਲਈ ਪਰਿਵਾਰਕ ਮੈਂਬਰਾਂ ਦੇ ਡੀ.ਐੱਨ.ਏ. ਟੈਸਟ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮੰਦਭਾਗੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ’ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
‘ਐਕਸ’ ’ਤੇ ਕੀਤੀ ਇਕ ਪੋਸਟ ਰਾਹੀਂ ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ। ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।
Read More : ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭ
