RTI Activist

ਬਲੈਕ ਕਰਨ ਵਾਲੇ ਆਰ.ਟੀ.ਆਈ. ਐਕਟੀਵਿਸਟ ਨੂੰ ਭੇਜਿਆ ਜੇਲ

ਆਰ.ਟੀ.ਓ. ਦਫ਼ਤਰ ਦੇ ਕਰਮਚਾਰੀਆਂ ਨੂੰ ਡਰਾਉਣ ਲਈ ਆਰ.ਟੀ.ਆਈ. ਲਗਾਉਂਦਾ ਸੀ

ਲੁਧਿਆਣਾ, 14 ਅਕਤੂਬਰ : ਲੁਧਿਆਣਾ ਦੇ ਖੇਤਰੀ ਟਰਾਂਸਪੋਰਟ ਅਫਸਰ (ਆਰ. ਟੀ. ਓ.) ਦਫ਼ਤਰ ਦੇ ਕਰਮਚਾਰੀਆਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਤੋਂ ਹਫ਼ਤਾ ਵਸੂਲਣ ਵਾਲਾ ਆਰ. ਟੀ. ਆਈ. ਕਾਰਕੁਨ ਆਖਰਕਾਰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ ਹੈ। ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਨੇ 10 ਮਹੀਨੇ ਪਹਿਲਾਂ ਆਰ.ਟੀ.ਆਈ ਕਾਰਕੁਨ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਉਦੋਂ ਤੋਂ ਉਹ ਫਰਾਰ ਸੀ।

ਆਰ.ਟੀ.ਆਈ ਕਾਰਕੁਨ ਸਤਨਾਮ ਸਿੰਘ ਧਵਨ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਸੈਸ਼ਨ ਕੋਰਟ ਤੋਂ ਹਾਈ ਕੋਰਟ ਤੱਕ ਗਏ ਪਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਨੇ ਹੁਣ ਇਕ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਜਿਸਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਵਿਜੀਲੈਂਸ ਦਾ ਈਓ ਵਿੰਗ ਹੁਣ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ।

2023 ਵਿਚ ਲੁਧਿਆਣਾ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਸੈਕਟਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ ’ਚ ਫਸਾਉਣ ਲਈ ਆਰ.ਟੀ.ਆਈ. ਐਕਟੀਵਿਸਟ ਸਤਨਾਮ ਸਿੰਘ ਧਵਨ ਨੇ ਅਹਿਮ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਆਰ.ਟੀ.ਓ. ਦਫ਼ਤਰ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਉਸ ਤੋਂ ਡਰਨ ਲੱਗੇ ਅਤੇ ਫਿਰ ਉਸਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਹਫਤਾ ਵਸੂਲੀ ਦਾ ਕੰਮ ਸ਼ੁਰੂ ਕੀਤਾ।

ਆਰ.ਟੀ.ਆਈ. ਕਾਰਕੁਨ ਸਤਨਾਮ ਸਿੰਘ ਧਵਨ ਆਰ.ਟੀ.ਓ. ਦਫ਼ਤਰ ਦੇ ਕਰਮਚਾਰੀਆਂ ਤੋਂ ਕੰਮ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਪੈਸੇ ਵੀ ਵਸੂਲਦਾ ਸੀ, ਜੋ ਕਲਰਕ ਉਸ ਨੂੰ ਪੈਸੇ ਨਹੀਂ ਦਿੰਦਾ ਸੀ ਉਹ ਉਸ ਨੂੰ ਵਿਜੀਲੈਂਸ ਸ਼ਿਕਾਇਤ ਦੀ ਧਮਕੀ ਦਿੰਦਾ ਸੀ। ਉਸ ਅਤੇ ਉਸ ਦੇ ਸਾਥੀਆਂ ਨੇ ਕਲਰਕਾਂ ਤੋਂ ਆਨਲਾਈਨ ਪੈਸੇ ਲਏ। ਕਰਮਚਾਰੀਆਂ ਨੇ ਆਨਲਾਈਨ ਟ੍ਰਾਂਜੈਕਸ਼ਨ ਦੇ ਸਕਰੀਨ ਸ਼ੌਟ ਵੀ ਵਿਜੀਲੈਂਸ ਨੂੰ ਸੌਂਪੇ ਸਨ।

ਆਰ.ਟੀ.ਓ. ਦਫ਼ਤਰ ’ਚ ਉਦੋਂ ਕਲਰਕ ਰਵਿੰਦਰ ਸਿੰਘ, ਵਿਕਰਮ ਸਿੰਘ, ਨੀਲਮ, ਜੂਨੀਅਰ ਸਹਾਇਕ ਅਮਨਦੀਪ ਸਿੰਘ, ਜੈ ਤੇਗ ਸਿੰਘ, ਡਾਟਾ ਐਂਟਰੀ ਕਲਰਕ ਦਿਨੇਸ਼ ਬਾਂਸਲ ਅਤੇ ਗੌਰਵ ਕੁਮਾਰ ਨੇ ਵਿਜੀਲੈਂਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਸੀ ਕਿ ਮੁਲਜ਼ਮ ਅਤੇ ਉਸ ਦੇ ਸਾਥੀ ਨਾਜਾਇਜ਼ ਕੰਮ ਕਰਵਾਉਣ ਦਾ ਦਬਾਅ ਪਾਉਣ ਦੇ ਨਾਲ ਉਨ੍ਹਾਂ ਤੋਂ ਪੈਸੇ ਵੀ ਵਸੂਲਦਾ ਸੀ।

ਕਲਰਕਾਂ ਅਤੇ ਮੁਲਾਜ਼ਮਾਂ ਨੂੰ ਵਿਜੀਲੈਂਸ ਦੀ ਧਮਕੀ ਦੇ ਕੇ ਪੈਸੇ ਵਸੂਲਣ ਦੇ ਮਾਮਲੇ ’ਚ ਵਿਜੀਲੈਂਸ ਨੇ ਆਰ.ਟੀ.ਆਈ. ਐਕਟੀਵਿਸਟ ਸਤਨਾਮ ਸਿੰਘ ਧਵਨ ਤੋਂ ਇਲਾਵਾ ਭੁਪਿੰਦਰ ਸਿੰਘ ਪੁੰਜ ਅਤੇ ਰਾਜੀਵ ਸੂਦ ਉਰਫ਼ ਬਿੱਲਾ ’ਤੇ ਵੀ ਕੇਸ ਦਰਜ ਕੀਤਾ ਸੀ। ਮੁਲਜ਼ਮ ਸਿਰਫ਼ ਲੁਧਿਆਣਾ ਹੀ ਨਹੀਂ, ਬਲਕਿ ਪੰਜਾਬ ਦੇ ਹੋਰਨਾਂ ਜ਼ਿਲਿਆਂ ’ਚ ਆਰ.ਟੀ.ਓ. ਦਫ਼ਤਰ ਦੇ ਕਰਮਚਾਰੀਆਂ ਨੂੰ ਡਰਾਉਣ ਲਈ ਆਰ.ਟੀ.ਆਈ. ਲਗਾਉਂਦਾ ਸੀ।

ਸਤਨਾਮ ਸਿੰਘ ਮਾਣਕਵਾਲਾ ਪਿੰਡ ਦਾ ਰਹਿਣ ਹੈ ਅਤੇ ਉਹ ਪਹਿਲਾਂ ਟੈਕਸੀ ਚਲਾਉਂਦਾ ਸੀ। 2019 ’ਚ ਪਹਿਲੀ ਵਾਰ ਆਰ.ਟੀ.ਓ. ਦਫ਼ਤਰ ਆਇਆ ਸੀ। ਉਦੋਂ ਉਸ ਨੇ ਇਕ ਦਲਾਲ ਦੇ ਜਰੀਏ ਗੱਡੀ ਦੀ ਡੁਪਲੀਕੇਟ ਆਰਸੀ ਬਣਵਾਈ ਸੀ। ਏਜੰਟ ਨੇ ਉਸ ਤੋਂ ਫਾਈਲ ਅਪਰੂਵ ਕਰਨ ਦੇ ਬਦਲੇ ਪੈਸੇ ਲਏ। ਉਸਨੇ ਉਦੋਂ ਕਲਰਕ ਦੇ ਖਿਲਾਫ ਸ਼ਿਕਾਇਤ ਦਿੱਤੀ ਅਤੇ ਉਸ ’ਤੇ ਕੇਸ ਦਰਜ ਕਰਵਾਇਆ। ਉਸ ਤੋਂ ਬਾਅਦ ਧਵਨ ਨੇ ਆਰ.ਟੀ.ਆਈ. ਪਾਉਣ ਸ਼ੁਰੂ ਕੀਤੀ ਅਤੇ ਆਰ.ਟੀ.ਆਈ. ਐਕਟੀਵਿਸਟ ਬਣ ਗਿਆ। ਉਹ ਕਈ ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕਿਆ ਹੈ।

ਆਰ.ਟੀ.ਆਈ. ਐਕਟੀਵਿਸਟ ਨੇ 2023 ’ਚ ਆਰ.ਟੀ.ਏ. ਰਹੇ ਪੀ.ਸੀ.ਐਸ. ਅਧਿਕਾਰੀ ਨਰਿੰਦਰ ਧਾਲੀਵਾਲ ਦੇ ਗੰਨਮੈਨ ਨੂੰ ਸ਼ਰਾਬ ਪਿਲਾਈ ਅਤੇ ਉਸ ਦਾ ਵੀਡੀਓ ਬਣਾ ਲਿਆ। ਵੀਡੀਓ ’ਚ ਉਸ ਤੋਂ ਬੁਲਵਾਇਆ ਕਿ ਟਰਾਂਸਪੋਰਟਰਾਂ ਤੋਂ ਪੈਸੇ ਲੈ ਕੇ ਆਰ.ਟੀ.ਏ. ਦਿੰਦਾ ਹੈ। ਉਸ ਤੋਂ ਬਾਅਦ ਧਵਨ ਨੇ ਉਹ ਵੀਡੀਓ ਵਿਜੀਲੈਂਸ ਨੂੰ ਦੇ ਦਿੱਤੀ। ਵਿਜੀਲੈਂਸ ਨੇ ਉਸ ਦੇ ਆਧਾਰ ’ਤੇ ਆਰ.ਟੀ.ਓ.ਨੂੰ ਗ੍ਰਿਫ਼ਤਾਰ ਕੀਤਾ। ਉਥੇ ਹੀ ਸਤਨਾਮ ਸਿੰਘ ਦਾ ਆਰ.ਟੀ.ਓ. ਦਫ਼ਤਰ ’ਚ ਦਬਦਬਾ ਸ਼ੁਰੂ ਹੋ ਗਿਆ।

Read More : ਸੈਂਟਰਲ ਜੇਲ ਦੇ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Leave a Reply

Your email address will not be published. Required fields are marked *