ਚੰਡੀਗੜ੍ਹ, 16 ਨਵੰਬਰ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫ਼ਿਰੋਜ਼ਪੁਰ ’ਚ ਆਰ. ਐੱਸ. ਐੱਸ. ਆਗੂ ਨਵੀਨ ਅਰੋੜਾ ਦੀ ਦਿਨ-ਦਿਹਾੜੇ ਬੇਰਹਿਮੀ ਨਾਲ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਜਾਂ ਇਕੱਲੀ ਘਟਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਵਪਾਰੀ, ਖਿਡਾਰੀ, ਨੌਜਵਾਨ ਜਾਂ ਆਮ ਲੋਕਾਂ ਦੀਆਂ ਲਗਾਤਾਰ ਹੋ ਰਹੀ ਹੱਤਿਆਵਾਂ ਤੇ ਅਪਰਾਧ ਦੀਆਂ ਘਟਨਾਵਾਂ ਪੰਜਾਬ ਸਰਕਾਰ ਦੀ ਨਾਕਾਮ ਕਾਰਜ-ਸ਼ੈਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ ’ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਤੇ ਭਾਜਪਾ ਨਿਰਦੋਸ਼ ਲੋਕਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਚੁੱਪ ਨਹੀਂ ਬੈਠੇਗੀ। ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਮੌਜੂਦਾ ਸਰਕਾਰ ਦੇ ਸ਼ਾਸਨਕਾਲ ’ਚ ਅਪਰਾਥੀਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ।
ਲੋਕ ਹੁਣ ਕਿਤੇ ਵੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬਜਾਏ ਪੰਜਾਬ ਪੁਲਸ ਨੂੰ ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਦੀ ਸੇਵਾ ’ਚ ਲਾ ਦਿੱਤਾ ਗਿਆ ਹੈ, ਜੋ ਜਨਹਿੱਤ ਦੇ ਖ਼ਿਲਾਫ਼ ਹੈ।
ਭਾਜਪਾ ਇਸ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ ਤੇ ਰਾਜ ’ਚ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕਰਦੀ ਰਹੇਗੀ।
Read More : ਪੀ.ਯੂ. ਪ੍ਰਸ਼ਾਸਨ ਨੇ 18 ਤੋਂ ਹੋਣ ਵਾਲੀ ਪ੍ਰੀਖਿਆ ਨੂੰ ਕੀਤੀ ਮੁਲਤਵੀ
