ਬਾਹਰਲੇ ਲੋਕ ਪੰਜਾਬ ਸਰਕਾਰ ਚਲਾ ਰਹੇ : ਸੁਨੀਲ ਜਾਖੜ, ਅਸ਼ਵਨੀ ਸ਼ਰਮਾ
ਰਾਜਪੁਰਾ, 17 ਅਗਸਤ : ਭਾਰਤੀ ਜਨਤਾ ਪਾਰਟੀ (ਬੀਜੇਪੀ) ਪੰਜਾਬ ਨੇ ਅੱਜ ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦੇ ਜਸ਼ਨ ਵਜੋਂ ਇਕ ਵਿਸ਼ਾਲ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਦਾ ਆਯੋਜਨ ਕੀਤਾ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਅਤੇ ਪਾਰਟੀ ਕਾਰਕੁਨਾਂ ਨੇ ਰੈਲੀ ’ਚ ਸ਼ਿਰਕਤ ਕੀਤੀ, ਜਿਸ ਨਾਲ ਪੰਜਾਬ ਦੇ ਪੇਂਡੂ ਖੇਤਰਾਂ ’ਚ ਬੀਜੇਪੀ ਦੀ ਵੱਧ ਰਹੀ ਤਾਕਤ ਅਤੇ ਕਿਸਾਨ ਵਰਗ ਦੇ ਹੱਕਾਂ ਦੀ ਰੱਖਿਆ ਲਈ ਇਸ ਦੇ ਪੱਕੇ ਇਰਾਦੇ ਦਾ ਪ੍ਰਦਰਸ਼ਨ ਹੋਇਆ।
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ’ਤੇ ਹਮਲਾ ਬੋਲਦੇ ਹੋਏ ਇਸ ਵਿਵਾਦਿਤ ਲੈਂਡ ਪੂਲਿੰਗ ਨੀਤੀ ਨੂੰ ਕਿਸਨੇ ਬਣਾਇਆ, ਇਸ ਬਾਰੇ ਸਪੱਸ਼ਟਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਬਾਹਰਲੇ ਲੋਕ ਪੰਜਾਬ ਸਰਕਾਰ ਚਲਾ ਰਹੇ ਹਨ। ਇਹ ਨੀਤੀ ਜਾਂ ਤਾਂ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੇ ਬਣਾਈ ਸੀ, ਜਦੋਂ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਉਨ੍ਹਾਂ ਦਾ ਕੈਬਨਿਟ ਇਸ ’ਚ ਸ਼ਾਮਲ ਸੀ ਪਰ ਇਸ ਦੀ ਕੀਮਤ ਪੰਜਾਬੀਆਂ ਨੂੰ ਭੁਗਤਣੀ ਪੈ ਰਹੀ ਹੈ।
ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦਾ ਬਲਾਕ ਅਤੇ ਤਹਿਸੀਲ ਪੱਧਰ ’ਤੇ ਲਗਾਤਾਰ ਸੰਘਰਸ਼ ਹੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਵਾਪਸ ਲੈਣ ਲਈ ਮਜਬੂਰ ਕਰਨ ’ਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ‘ਆਪ ਦੀ ਮਿਆਦ ਪੁੱਗ ਗਈ ਹੈ, ਪੰਜਾਬ ਦੇ ਲੋਕ ਅਸਲੀ ਬਦਲਾਅ ਲਈ ਮੋਦੀ ਸਰਕਾਰ ਮੰਗ ਰਹੇ ਹਨ।
ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਕਿਸਾਨਾਂ ਅਤੇ ਬੀਜੇਪੀ ਕਾਰਕੁਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਇੱਥੇ ਦਿਖਾਈ ਦੇ ਰਹੀ ਤਾਕਤ ਪੰਜਾਬ ’ਚ ਬੀਜੇਪੀ ਪਰਿਵਾਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਰਾਜਪੁਰਾ ਵਿਖੇ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਨੇ ਇਕ ਸਪੱਸ਼ਟ ਸੁਨੇਹਾ ਦਿੱਤਾ ਕਿ ਪੰਜਾਬ ਦੇ ਕਿਸਾਨ ਆਪ ਦੇ ਹੇਠਾਂ ਆਪਣੀ ਜ਼ਮੀਨ ਅਤੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਹੋਣ ਦੇਣਗੇ।
ਇਸ ਮੌਕੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਰਾਜ ਜਨਰਲ ਸਕੱਤਰ ਅਨੀਲ ਸਰੀਨ, ਰਾਜ ਉਪ ਪ੍ਰਧਾਨ ਬਿਕਰਮ ਚੀਮਾ, ਸੁਭਾਸ਼ ਸ਼ਰਮਾ ਅਤੇ ਫਤਿਹਜੰਗ ਸਿੰਘ ਬਾਜਵਾ, ਰਾਜ ਮਹਿਲਾ ਮੋਰਚਾ ਪ੍ਰਧਾਨ ਜੈਇੰਦਰ ਕੌਰ, ਰਾਜ ਮੀਡੀਆ ਪ੍ਰਮੁੱਖ ਭਾਜਪਾ ਪੰਜਾਬ ਵਿਨੀਤ ਜੋਸ਼ੀ, ਰਾਜ ਬੁਲਾਰੇ ਪ੍ਰਿਥਪਾਲ ਸਿੰਘ ਬਾਲਿਆਵਾਲ, ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਹਲਕਾ ਘਨੌਰ ਦੇ ਇੰਚਾਰਜ ਵਿਕਾਸ ਸ਼ਰਮਾ, ਜ਼ਿਲਾ ਪ੍ਰਧਾਨ ਜਸਪਾਲ ਗਗਰੋਲੀ, ਹਰਮੇਸ਼ ਗੋਇਲ, ਵਿਜੈ ਕੁਮਾਰ ਕੁੂਕਾ, ਹਲਕਾ ਸਨੌਰ ਦੇ ਇੰਚਾਰਜ ਬਿਕਰਮਜੀਤਇੰਦਰ ਸਿੰਘ ਆਦਿ ਮੌਜੂਦ ਸਨ।
Read More : ਹੁਣ ਇੰਗਲੈਂਡ ਵਿਚ ਵੀ ਗੁਰਦੁਆਰਿਆਂ ਦੇ ਬਾਹਰ ਲੱਗੇ ਖਾਲਿਸਤਾਨ ਦੇ ਬੈਨਰ