ਹਾਈ_ਕੋਰਟ

ਹਾਈਕੋਰਟ ਤੋਂ ਕਾਂਗਰਸੀ ਉਮੀਦਵਾਰ ਬੀਬੀ ਚਰਨਜੀਤ ਕੌਰ ਨੂੰ ਵੱਡੀ ਰਾਹਤ

ਚੰਡੀਗੜ੍ਹ, 13 ਦਸੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਹਲਕਾ ਜੰਡਿਆਲਾ ਗੁਰੂ ਦੇ ਜ਼ੋਨ ਟਾਂਗਰਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਚਰਨਜੀਤ ਕੌਰ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਰਿਟਰਨਿੰਗ ਅਫ਼ਸਰ ਨੂੰ ਹੁਕਮ ਦਿੱਤੇ ਹਨ ਕਿ ਬੀਬੀ ਚਰਨਜੀਤ ਕੌਰ ਦੀ ਨਾਮਜ਼ਦਗੀ ਰੱਦ ਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ।

ਬੀਬੀ ਚਰਨਜੀਤ ਕੌਰ, ਜੋ ਕਿ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜਾ’ ‘ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ, ਦੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਨੇ 5 ਦਸੰਬਰ 2025 ਨੂੰ ਰੱਦ ਕਰ ਦਿੱਤੇ ਸਨ। ਰੱਦ ਕਰਨ ਦਾ ਕਾਰਨ ‘ਮੱਲੋਵਾਲ MPCASS ਲਿਮਟਿਡ’ ਸੁਸਾਇਟੀ ਦਾ ਬਕਾਇਆ ਦੱਸਿਆ ਗਿਆ ਸੀ।

ਹਾਲਾਂਕਿ ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਉਮੀਦਵਾਰ ਕੋਲ 3 ਦਸੰਬਰ 2025 ਦਾ ‘ਨੋ ਆਬਜੈਕਸ਼ਨ ਸਰਟੀਫਿਕੇਟ’ ਮੌਜੂਦ ਸੀ, ਜਿਸ ਮੁਤਾਬਕ ਉਨ੍ਹਾਂ ਸਿਰ ਕੋਈ ਬਕਾਇਆ ਨਹੀਂ ਸੀ। ਸਰਕਾਰੀ ਪੱਖ ਮੁਤਾਬਕ ਇੱਕ ਹੋਰ ਉਮੀਦਵਾਰ ਅਮਰਜੀਤ ਕੌਰ ਦੀ ਸ਼ਿਕਾਇਤ ‘ਤੇ ਸੁਸਾਇਟੀ ਨੇ ਬਾਅਦ ਵਿੱਚ 20,200 ਰੁਪਏ ਦਾ ਬਕਾਇਆ ਦੱਸਿਆ।

ਜ਼ਿਕਰਯੋਗ ਹੈ ਕਿ ਚੋਣਾਂ ਦੀ ਤਾਰੀਖ ਬਹੁਤ ਨੇੜੇ ਹੈ ਅਤੇ 14 ਦਸੰਬਰ (ਐਤਵਾਰ) ਨੂੰ ਵੋਟਾਂ ਪੈਣੀਆਂ ਹਨ। ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਇੱਕ ਵਾਰ NOC ਜਾਰੀ ਹੋ ਗਿਆ, ਤਾਂ ਬਿਨਾਂ ਨੋਟਿਸ ਦਿੱਤੇ ਬਾਅਦ ਵਿੱਚ ਦੇਣਦਾਰੀ ਵਧਾ ਕੇ ਕਾਗਜ਼ ਰੱਦ ਨਹੀਂ ਕੀਤੇ ਜਾ ਸਕਦੇ।

ਅਦਾਲਤ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਸ ਮਾਮਲੇ ‘ਤੇ ਤੁਰੰਤ ਫੈਸਲਾ ਲਿਆ ਜਾਵੇ ਅਤੇ ਅਦਾਲਤ ਨੂੰ ਸੂਚਿਤ ਕੀਤਾ ਜਾਵੇ। ਇਸ ਫੈਸਲੇ ਨਾਲ ਟਾਂਗਰਾ ਜ਼ੋਨ ਵਿੱਚ ਕਾਂਗਰਸੀ ਖੇਮੇ ਅਤੇ ਬੀਬੀ ਚਰਨਜੀਤ ਕੌਰ ਦੇ ਸਮਰਥਕਾਂ ਵਿੱਚ ਰਾਹਤ ਦੀ ਲਹਿਰ ਹੈ।

Read More : ਸਿੱਧੂ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ : ਭਗਵੰਤ ਮਾਨ

Leave a Reply

Your email address will not be published. Required fields are marked *