ਤਿੰਨ ਮਹੀਨਿਆਂ ’ਚ 91 ਮੁਲਜ਼ਮ ਗ੍ਰਿਫ਼ਤਾਰ, ਲੱਖਾਂ ਦੀ ਡਰੱਗ ਮਨੀ ਬਰਾਮਦ
ਸੰਗਰੂਰ, 10 ਜੂਨ : ਸੰਗਰੂਰ ਪੁਲਿਸ ਨੇ ਨਸ਼ਿਆਂ ਵਿਰੁੱਧ ਜਾਰੀ ਆਪਣੀ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ (1 ਮਾਰਚ ਤੋਂ 10 ਜੂਨ ਤੱਕ) ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਆਰ. ਸੰਗਰੂਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ-ਡਵੀਜ਼ਨ ਵਿਚ ਕੁੱਲ 53 ਮੁਕੱਦਮੇ ਦਰਜ ਕਰ ਕੇ 91 ਦੇ ਕਰੀਬ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ।
ਡੀ. ਐੱਸ. ਪੀ. ਸੁਖਦੇਵ ਸਿੰਘ ਅਨੁਸਾਰ ਪੁਲਿਸ ਨੇ ਲਗਭਗ ਸਾਢੇ ਚਾਰ ਕਿਲੋ ਹੈਰੋਇਨ, 5000 ਦੇ ਕਰੀਬ ਨਸ਼ੀਲੀਆਂ ਗੋਲੀਆਂ, 14 ਕਿਲੋ ਭੁੱਕੀ ਚੂਰਾ ਪੋਸਤ, 50 ਗ੍ਰਾਮ ਅਫ਼ੀਮ ਅਤੇ ਕਰੀਬ 10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਥਾਣਾ ਵਾਈਜ਼ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਵਿਚ 15 ਮੁਕੱਦਮੇ ਦਰਜ ਕਰ ਕੇ 21 ਮੁਲਜ਼ਮਾਂ ਨੂੰ, ਸਿਟੀ ਸੰਗਰੂਰ ਵਿਖੇ 10 ਮੁਕੱਦਮੇ ਦਰਜ ਕਰ ਕੇ 12 ਮੁਲਜ਼ਮਾਂ ਨੂੰ ਅਤੇ ਸਿਟੀ-1 ਸੰਗਰੂਰ ਵਿਖੇ 28 ਮੁਕੱਦਮੇ ਦਰਜ ਕਰ ਕੇ 58 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀ. ਐੱਸ. ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਸਿਰਫ਼ ਨਸ਼ਾ ਸਮੱਗਲਰਾਂ ਖ਼ਿਲਾਫ਼ ਹੀ ਕਾਰਵਾਈ ਨਹੀਂ ਕਰ ਰਹੀ, ਬਲਕਿ ਨਸ਼ਿਆਂ ਦੀ ਲਪੇਟ ’ਚ ਆਏ ਨੌਜਵਾਨਾਂ ਅਤੇ ਬੱਚਿਆਂ ਦੀ ਕਾਉਂਸਲਿੰਗ ਵੀ ਕਰ ਰਹੀ ਹੈ। ਨਸ਼ਾ ਛੁਡਾਉਣ ਲਈ ਉਨ੍ਹਾਂ ਨੂੰ ਸੈਂਟਰਾਂ ਵਿਚ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜੇ ਕਿਸੇ ਨੂੰ ਇਲਾਜ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਅਰਸੇ ਦੌਰਾਨ ਲਗਭਗ 50 ਤੋਂ ਵੱਧ ਬੱਚਿਆਂ ਦਾ ਡੀ-ਐਡਿਕਸ਼ਨ ਸੈਂਟਰਾਂ ਅਤੇ ਹਸਪਤਾਲਾਂ ਰਾਹੀਂ ਇਲਾਜ ਕਰਵਾਇਆ ਗਿਆ ਹੈ ਅਤੇ ਇਸ ਵਿੱਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।
Read More : ਡੀ. ਆਈ. ਜੀ. ਬਾਰਡਰ ਰੇਂਜ ਵੱਲੋਂ ਨਸ਼ੇ ਲਈ ਬਦਨਾਮ ਖੇਤਰਾਂ ਦਾ ਦੌਰਾ