ਜਹਾਜ਼ ਚੌਕ ’ਚ ਲੋਕਾਂ ਦੇ ਸਾਹਮਣੇ ਰੋਡ ਰੋਲਰ ਨਾਲ ਕੁਚਲੇ ਪਟਾਕੇ ਮਾਰਨ ਵਾਲੇ 100 ਸਾਈਲੈਂਸਰ
ਗੁਰਦਾਸਪੁਰ, 17 ਨਵੰਬਰ : ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਖਿਲਾਫ ਕਾਰਵਾਈ ਕਰਦਿਆਂ ਜਿੱਥੇ ਪਿਛਲੇ ਦਿਨੀਂ ਪੁਲਸ ਵੱਲੋਂ ਵੱਡੀ ਗਿਣਤੀ ’ਚ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਉਤਾਰੇ ਗਏ ਸਨ, ਉਸ ਦੇ ਨਾਲ ਹੀ ਅੱਜ ਗੁਰਦਾਸਪੁਰ ਪੁਲਸ ਨੇ ਇਕ ਹੋਰ ਵੱਡਾ ਐਕਸ਼ਨ ਕਰਦਿਆਂ ਗੁਰਦਾਸਪੁਰ ਸ਼ਹਿਰ ਦੇ ਜਹਾਜ਼ ਚੌਕ ’ਚ ਅਜਿਹੇ 100 ਦੇ ਕਰੀਬ ਸਾਈਲੈਸਰਾਂ ਨੂੰ ਰੋਡ ਰੋਲਰ ਨਾਲ ਲੋਕਾਂ ਦੇ ਸਾਹਮਣੇ ਨਸ਼ਟ ਕੀਤਾ ਹੈ।
ਇਸ ਮੌਕੇ ਐੱਸ. ਪੀ. ਡੀ. ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਖੁਦ ਮੌਕੇ ’ਤੇ ਪਹੁੰਚ ਕੇ ਇਸ ਸਾਰੀ ਕਾਰਵਾਈ ਦੀ ਨਿਗਰਾਨੀ ਕੀਤੀ, ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਐੱਸ. ਪੀ. ਡੀ. ਅਤੇ ਹੋਰ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਐੱਸ. ਐੱਸ. ਪੀ. ਅਾਦਿੱਤਿਆ ਦੇ ਨਿਰਦੇਸ਼ਾਂ ਹੇਠ ਗੁਰਦਾਸਪੁਰ ਸ਼ਹਿਰ ਅੰਦਰ ਅੱਜ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਉਹ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਸਰ ਮੋਡੀਫਾਈ ਨਾ ਕਰਵਾਉਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਸਰ ਨੂੰ ਮੋਡੀਫਾਈ ਕਰਵਾ ਕੇ ਪਟਾਕੇ ਮਾਰਦੇ ਹਨ, ਜਿਸ ਨਾਲ ਕਈ ਵਾਰ ਲੋਕ ਅਕਸਰ ਡਰ ਜਾਂਦੇ ਹਨ ਅਤੇ ਸ਼ੋਰ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਵੱਲੋਂ ਅਜਿਹੇ ਕਈ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਚਲਦਿਆਂ ਅੱਜ ਸ਼ਰੇਆਮ 100 ਦੇ ਕਰੀਬ ਅਜਿਹੇ ਸਾਈਲੈਂਸਰ ਇਕੱਠੇ ਕਰ ਕੇ ਜਹਾਜ਼ ਚੌਕ ’ਚ ਰੋਡ ਰੋਲਰ ਦੇ ਨਾਲ ਲੋਕਾਂ ਦੇ ਸਾਹਮਣੇ ਨਸ਼ਟ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਸਮੇਂ ’ਚ ਹੋਰ ਲੋਕ ਵੀ ਇਸ ਤੋਂ ਸੇਧ ਲੈਣ ਅਤੇ ਅਜਿਹੀ ਗੈਰ ਕਾਨੂੰਨੀ ਕਾਰਵਾਈ ਨਾ ਕਰਨ।
ਉਨ੍ਹਾਂ ਕਿਹਾ ਕਿ ਜਿਹੜੇ ਮਕੈਨਿਕ ਅਜਿਹੇ ਮੋਟਰਸਾਈਕਲਾਂ ਨੂੰ ਮੋਡੀਫਾਈ ਕਰ ਰਹੇ ਹਨ, ਪੁਲਸ ਵੱਲੋਂ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਮੋਡੀਫਾਈਡ ਸਾਈਲੈਸਰ ਵਾਲੇ ਮੋਟਰਸਾਈਕਲ ਚਲਾਉਣ ਤੋਂ ਰੋਕਣ।
ਉਨ੍ਹਾਂ ਕਿਹਾ ਕਿ ਜੇਕਰ ਹੁਣ ਆਉਣ ਵਾਲੇ ਦਿਨਾਂ ’ਚ ਕੋਈ ਅਜਿਹਾ ਮੋਟਰਸਾਈਕਲ ਕਾਬੂ ਆਇਆ ਤਾਂ ਉਸ ਦੇ ਖਿਲਾਫ ਚਲਾਨ ਵੀ ਕੀਤਾ ਜਾਵੇਗਾ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾਵੇਗੀ।
Read More : ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 25 ਨੂੰ ਰਹੇਗੀ ਸਰਕਾਰੀ ਛੁੱਟੀ
