ਪੰਜਾਬ ਸਰਕਾਰ ਵੱਲੋਂ ਸਿਹਤ ਯੋਜਨਾ ਦਾ ਆਗਾਜ਼; ਸੇਵਾ ਕਰ ਰਹੇ ਅਤੇ ਰਿਟਾਇਰਡ ਮੁਲਾਜ਼ਮਾਂ ਦੇ ਬਣਾਏ ਜਾ ਰਹੇ ਹਨ ‘ਸਪੈਸ਼ਲ ਹੈਲਥ ਕਾਰਡ’
ਪਟਿਆਲਾ, 1 ਅਪ੍ਰੈਲ : ਪੰਜਾਬ ਸਰਕਾਰ ਵੱਲੋਂ PRTC ਦੇ ਮੁਲਾਜ਼ਮਾਂ ਦੀ ਸਿਹਤ ਸੰਭਾਲ ਲਈ ਇੱਕ ਵੱਡੀ ਅਤੇ ਅਹਿਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੀ.ਆਰ.ਟੀ.ਸੀ. ਦੇ ਸਾਰੇ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਲਈ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਉਨ੍ਹਾਂ ਦੇ ‘ਹੈਲਥ ਕਾਰਡ’ ਬਣਾਏ ਜਾ ਰਹੇ ਹਨ।
ਇਸ ਨਵੀਂ ਯੋਜਨਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਹੁਣ ਮੁਲਾਜ਼ਮਾਂ ਦੇ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਬਿਲਕੁਲ ਮੁਫ਼ਤ ਮਿਲੇਗਾ। ਇਸ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਸਾਰੇ ਜ਼ਰੂਰੀ ਟੈਸਟਾਂ ਦਾ ਖ਼ਰਚਾ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਸੂਬੇ ਦੇ ਕਰੀਬ 900 ਪ੍ਰਾਈਵੇਟ ਹਸਪਤਾਲ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਯੋਜਨਾ ਨਾਲ ਜੁੜੇ ਹੋਏ ਹਨ, ਜਿੱਥੇ ਮੁਲਾਜ਼ਮ ਆਪਣਾ ਇਲਾਜ ਕਰਵਾ ਸਕਦੇ ਹਨ।
ਸਰਕਾਰ ਦੇ ਨੁਮਾਇੰਦਿਆਂ ਮੁਤਾਬਕ, ਇਹ ਸਿਹਤ ਕਾਰਡ ਮੁਲਾਜ਼ਮਾਂ ਲਈ ਇੱਕ “ਸੰਜੀਵਨੀ ਬੂਟੀ” ਸਾਬਤ ਹੋਣਗੇ। ਹੁਣ ਤੱਕ ਪੰਜਾਬ ਵਿੱਚ ਲਗਭਗ 30 ਲੱਖ ਲੋਕ ਆਪਣੇ ਕਾਰਡ ਬਣਵਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ 65 ਲੱਖ ਪਰਿਵਾਰਾਂ ਨੂੰ ਇਸ ਘੇਰੇ ਵਿੱਚ ਲਿਆਉਣ ਦਾ ਟੀਚਾ ਹੈ। ਇਹ ਕਾਰਡ ਬਣਵਾਉਣ ਲਈ ਕਿਸੇ ਵੀ ਮੁਸ਼ਕਲ ਸ਼ਰਤ ਦੀ ਲੋੜ ਨਹੀਂ ਹੈ, ਸਿਰਫ਼ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸੂਬਾ ਹੁਣ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਇੱਕ ਮਾਡਲ ਬਣ ਰਿਹਾ ਹੈ, ਜਿੱਥੇ ਵਿਦੇਸ਼ਾਂ ਵਰਗੀਆਂ ਮੁਫ਼ਤ ਸਿਹਤ ਸੇਵਾਵਾਂ ਲੋਕਾਂ ਨੂੰ ਆਪਣੇ ਸ਼ਹਿਰਾਂ ਵਿੱਚ ਹੀ ਮਿਲ ਰਹੀਆਂ ਹਨ।
Read More : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ: ਹੁਣ ਸਮੇਂ ਸਿਰ ਮਿਲਣਗੇ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ.
