ਅਨੰਦ ਮੈਰਿਜ ਐਕਟ

ਸਿੱਖਾਂ ਨੂੰ ਵੱਡਾ ਤੋਹਫ਼ਾ : ਤਮਿਲਨਾਡੂ ਸਰਕਾਰ ਨੇ ‘ਅਨੰਦ ਮੈਰਿਜ ਐਕਟ’ ਨੂੰ ਦਿੱਤੀ ਮਨਜ਼ੂਰੀ

ਚੇਨਈ, 3 ਫਰਵਰੀ : ਤਮਿਲਨਾਡੂ ਦੀ ਐਮ.ਕੇ. ਸਟਾਲਿਨ ਸਰਕਾਰ ਨੇ ਸੂਬੇ ਦੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ‘ਅਨੰਦ ਮੈਰਿਜ ਐਕਟ’ ਨੂੰ ਲਾਗੂ ਕਰ ਦਿੱਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ‘ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026’ ਨੂੰ ਅਧਿਕਾਰਤ ਮਨਜ਼ੂਰੀ ਦੇ ਕੇ ਸਿੱਖਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।

ਇਹ ਫੈਸਲਾ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਸਾਰੇ ਰਾਜਾਂ ਨੂੰ ਸਿੱਖ ਵਿਆਹਾਂ ਲਈ ਆਪਣੇ ਪੱਧਰ ‘ਤੇ ਨਿਯਮ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਐਕਟ ਦੇ ਲਾਗੂ ਹੋਣ ਨਾਲ ਹੁਣ ਤਮਿਲਨਾਡੂ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਕੋਈ ਪ੍ਰਸ਼ਾਸਨਿਕ ਦਿੱਕਤ ਨਹੀਂ ਆਵੇਗੀ।

ਧਾਰਮਿਕ ਅਤੇ ਕਾਨੂੰਨੀ ਮਹੱਤਤਾ: ਸਿੱਖ ਧਰਮ ਵਿੱਚ ਵਿਆਹ ‘ਅਨੰਦ ਕਾਰਜ’ ਦੀ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਦੀ ਰਸਮ ਨਾਲ ਸੰਪੰਨ ਹੁੰਦਾ ਹੈ। ਹਾਲਾਂਕਿ ਇਸ ਨੂੰ ਧਾਰਮਿਕ ਮਾਨਤਾ ਪ੍ਰਾਪਤ ਸੀ ਪਰ ਕਾਨੂੰਨੀ ਰਜਿਸਟ੍ਰੇਸ਼ਨ ਦੀ ਘਾਟ ਕਾਰਨ ਸਿੱਖ ਜੋੜਿਆਂ ਨੂੰ ਪਾਸਪੋਰਟ, ਵੀਜ਼ਾ, ਵਿਰਾਸਤ, ਬੈਂਕਿੰਗ ਅਤੇ ਹੋਰ ਨਾਗਰਿਕ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਨਵੇਂ ਨਿਯਮਾਂ ਅਨੁਸਾਰ, ਹੁਣ ਸੂਬੇ ਵਿੱਚ ਕਿਤੇ ਵੀ ਸੰਪੰਨ ਹੋਏ ਅਨੰਦ ਵਿਆਹ ਨੂੰ ਸਿੱਧੇ ਤੌਰ ‘ਤੇ ਵਿਆਹ ਰਜਿਸਟਰਾਰ ਕੋਲ ਦਰਜ ਕਰਵਾਇਆ ਜਾ ਸਕੇਗਾ। ਇਹ ਕਦਮ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਨੂੰ ਕਾਨੂੰਨੀ ਮਾਨਤਾ ਦੇਣ ਵੱਲ ਇੱਕ ਇਤਿਹਾਸਕ ਪੁਲਾਂਘ ਹੈ।

Read More : ਵਿਜੀਲੈਂਸ ਵੱਲੋਂ RTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Leave a Reply

Your email address will not be published. Required fields are marked *