ਹੁਣ ਸਿਆਸੀ ਸ਼ਖ਼ਸੀਅਤਾਂ ਨਾਲ ਨਹੀਂ ਖਿਚਵਾਈਆਂ ਜਾਣਗੀਆਂ ਤਸਵੀਰਾਂ
ਡੇਰੇ ਦੀ ਮਰਿਆਦਾ ਅਤੇ ਸਾਦਗੀ ਨੂੰ ਬਰਕਰਾਰ ਰੱਖਣ ਲਈ ਪ੍ਰਬੰਧਕਾਂ ਨੇ ਚੁੱਕਿਆ ਅਹਿਮ ਕਦਮ
ਅੰਮ੍ਰਿਤਸਰ, 15 ਫਰਵਰੀ : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਮੁਤਾਬਕ ਹੁਣ ਭਵਿੱਖ ’ਚ ਕਿਸੇ ਵੀ ਵੀ.ਵੀ.ਆਈ.ਪੀ. ਜਾਂ ਸਿਆਸੀ ਸ਼ਖ਼ਸੀਅਤ ਨਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਤਸਵੀਰਾਂ ਜਨਤਕ ਤੌਰ ’ਤੇ ਨਹੀਂ ਖਿਚਵਾਈਆਂ ਜਾਣਗੀਆਂ।
ਸੰਸਥਾ ਨਾਲ ਜੁੜੇ ਸਰੋਤਾਂ ਮੁਤਾਬਕ ਇਹ ਕਦਮ ਡੇਰੇ ਦੀ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਤਿਸੰਗ ਦਾ ਕੇਂਦਰ ਸਿਰਫ ਆਤਮਿਕ ਉੱਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ, ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਦਾ ਪ੍ਰਚਾਰ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ’ਚ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਜ਼ਰ ਆਏ ਸਨ।
ਸੋਸ਼ਲ ਮੀਡੀਆ ’ਤੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਸਨ, ਜਿਸ ਤੋਂ ਬਾਅਦ ਡੇਰਾ ਪ੍ਰਬੰਧਕਾਂ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ।
Read More : ਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ
