ਨਿਤੀਸ਼ ਕੁਮਾਰ

ਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾ

ਭਾਜਪਾ ਦਾ ਬਣੇਗਾ ਨਵਾਂ ਮੁੱਖ ਮੰਤਰੀ; ਵਿਰੋਧੀ ਧਿਰ ਨੇ ਦੱਸਿਆ ‘ਤਖ਼ਤਾ ਪਲਟ’

ਪਟਨਾ, 5 ਮਾਰਚ : ਬਿਹਾਰ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ। ਇਸ ਦੇ ਨਾਲ ਹੀ ਸੂਬੇ ਵਿਚ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੀ ਨਿਤੀਸ਼ ਯੁੱਗ ਦੀ ਸੱਤਾ ਵਿੱਚ ਵੱਡੇ ਬਦਲਾਅ ਦੀ ਪੁਸ਼ਟੀ ਹੋ ਗਈ ਹੈ।

ਸਾਲ 2005 ਤੋਂ ਰਿਕਾਰਡ 10 ਵਾਰ ਮੁੱਖ ਮੰਤਰੀ ਰਹਿ ਚੁੱਕੇ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਸਕੱਤਰ ਖਿਆਤੀ ਸਿੰਘ ਦੇ ਕਮਰੇ ਵਿੱਚ ਨਾਮਜ਼ਦਗੀ ਦਾਖ਼ਲ ਕੀਤੀ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜਗ (NDA) ਦੇ ਹੋਰ ਉਮੀਦਵਾਰ ਵੀ ਮੌਜੂਦ ਸਨ।

ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਇੱਛਾ ਸੀ ਕਿ ਉਹ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਦੇ ਨਾਲ-ਨਾਲ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰ ਬਣਨ, ਜਿਸ ਕਾਰਨ ਉਹ ਹੁਣ ਰਾਜ ਸਭਾ ਵਿੱਚ ਜਾ ਰਹੇ ਹਨ।

ਨਵੇਂ ਮੁੱਖ ਮੰਤਰੀ ਲਈ ਕਿਆਸਅਰਾਈਆਂ

ਨਿਤੀਸ਼ ਕੁਮਾਰ ਦੇ ਹਟਣ ਤੋਂ ਬਾਅਦ ਹੁਣ ਭਾਜਪਾ ਬਿਹਾਰ ਵਿੱਚ ਆਪਣਾ ‘ਖ਼ੁਦ ਦਾ ਮੁੱਖ ਮੰਤਰੀ’ ਬਣਾਉਣ ਦੀ ਤਿਆਰੀ ਵਿੱਚ ਹੈ। ਮੁੱਖ ਮੰਤਰੀ ਅਹੁਦੇ ਲਈ ਉਪ-ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਨਾਂ ਸਭ ਤੋਂ ਅੱਗੇ ਚੱਲ ਰਹੇ ਹਨ। ਸੂਤਰਾਂ ਅਨੁਸਾਰ ਪਾਰਟੀ ਕਿਸੇ ਘੱਟ ਚਰਚਿਤ ਚਿਹਰੇ ਨੂੰ ਵੀ ਅੱਗੇ ਲਿਆ ਸਕਦੀ ਹੈ। ਇਹ ਵੀ ਚਰਚਾ ਹੈ ਕਿ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਨੂੰ ਨਵੀਂ ਸਰਕਾਰ ਵਿੱਚ ਉਪ-ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਬਿਹਾਰ ’ਚ ਹੋਇਆ ਤਖ਼ਤਾ ਪਲਟ : ਜੈਰਾਮ ਰਮੇਸ਼

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਘਟਨਾਕ੍ਰਮ ਦੀ ਸਮੀਖਿਆ ਕਰਦਿਆਂ ਇਸ ਨੂੰ ਜਨਤਾ ਦੇ ਫਤਵੇ ਨਾਲ ਵਿਸ਼ਵਾਸਘਾਤ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸਾਜ਼ਿਸ਼ ਤਹਿਤ ਤਖ਼ਤਾ ਪਲਟ ਕਰਕੇ ਸੱਤਾ ’ਤੇ ਕਬਜ਼ਾ ਕੀਤਾ ਹੈ।

ਜਦ(ਯੂ) ਨੂੰ ਖ਼ਤਮ ਕਰਨ ਦੀ ਸਾਜ਼ਿਸ਼ : ਤੇਜਸਵੀ ਯਾਦਵ

ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਾਰਟੀ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਚੋਣਾਂ ਵੇਲੇ ‘2030 ਤੱਕ ਨਿਤੀਸ਼’ ਦਾ ਨਾਅਰਾ ਦੇਣ ਵਾਲੇ ਹੁਣ ਕਿੱਥੇ ਹਨ?

ਵਰਕਰਾਂ ਵੱਲੋਂ ਪ੍ਰਦਰਸ਼ਨ
ਇਸ ਫੈਸਲੇ ਤੋਂ ਨਾਰਾਜ਼ ਜਨਤਾ ਦਲ ਯੂਨਾਈਟਿਡ ਦੇ ਕਈ ਵਰਕਰਾਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵਰਕਰਾਂ ਦੀ ਮੰਗ ਹੈ ਕਿ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਦੀ ਕੁਰਸੀ ’ਤੇ ਬਣੇ ਰਹਿਣਾ ਚਾਹੀਦਾ ਹੈ।

Read More : ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਵਾਂਗੇ : ਬਾਦਲ

Leave a Reply

Your email address will not be published. Required fields are marked *