ਅੰਮ੍ਰਿਤਸਰ, 31 ਦਸੰਬਰ : ਪੰਜਾਬ ਸਰਕਾਰ ਨੇ ਟੈਂਡਰ ਘਪਲੇ ‘ਚ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ 7 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਾਰੇ ਅਧਿਕਾਰੀ ਇੰਜੀਨੀਅਰਿੰਗ ਵਿਭਾਗ ਨਾਲ ਜੁੜੇ ਹੋਏ ਹਨ। ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਟਰੱਸਟ ਦੇ ਅੰਦਰ 52.80 ਕਰੋੜ ਰੁਪਏ ਦੇ ਟੈਂਡਰ ਘਪਲੇ ਦੇ ਸਬੰਧ ਵਿੱਚ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ 18 ਦਸੰਬਰ ਨੂੰ ਰਣਜੀਤ ਐਵੇਨਿਊ ਬਲਾਕ-ਸੀ ਅਤੇ 97 ਏਕੜ ਸਕੀਮ ਦੇ ਵਿਕਾਸ ਲਈ ₹52.40 ਕਰੋੜ ਦੇ ਟੈਂਡਰ ਲਈ ਵਿੱਤੀ ਬੋਲੀ ਖੁੱਲ੍ਹੀ ਤਾਂ ਸ਼ਰਮਾ ਠੇਕੇਦਾਰ 1.08% ਕਟੌਤੀ ਦੀ ਪੇਸ਼ਕਸ਼ ਕਰਕੇ H-1 ਬੋਲੀਕਾਰ ਬਣ ਗਿਆ, ਜਦੋਂ ਕਿ ਰਾਜਿੰਦਰ ਇਨਫਰਾਸਟਰੱਕਚਰ ਨੇ 0.25% ਕਟੌਤੀ ਦੀ ਪੇਸ਼ਕਸ਼ ਕੀਤੀ। ਇਸ ਲਈ ਉਹ ਟੈਂਡਰ ਪ੍ਰਾਪਤ ਕਰਨ ਵਿੱਚ ਅਸਫਲ ਰਹੇ।
ਇਸ ਦੌਰਾਨ ਸੀਗਲ ਇੰਡੀਆ ਅਤੇ ਗਣੇਸ਼ ਕਾਰਤੀਕੇ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਤਕਨੀਕੀ ਕਮੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਦਸਤਾਵੇਜ਼ ਜਮ੍ਹਾ ਕਰਨ ਤੋਂ ਪਹਿਲਾਂ ਵਿੱਤੀ ਬੋਲੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ।
ਸੀਗਲ ਇੰਡੀਆ ਲਿਮਟਿਡ ਨੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਚਾਰ ਮੈਂਬਰੀ ਕਮੇਟੀ ਬਣਾਈ ਅਤੇ ਜਾਂਚ ਸੌਂਪੀ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਕਾਰਵਾਈ ਮੁੱਖ ਸਕੱਤਰ ਨੂੰ ਜਾਂਚ ਰਿਪੋਰਟ ਸੌਂਪਣ ਤੋਂ ਬਾਅਦ ਕੀਤੀ। ਹੁਕਮ ਵਿੱਚ ਮੁਅੱਤਲੀ ਦੇ ਕਾਰਨ ਨਹੀਂ ਦੱਸੇ ਗਏ ਹਨ।
ਮੁਅੱਤਲ ਅਧਿਕਾਰੀ :
ਸੰਤ ਭੂਸ਼ਣ ਸਚਦੇਵਾ, ਸੁਪਰਡੈਂਟ ਇੰਜੀਨੀਅਰ
ਐਕਸੀਅਨ ਰਮਿੰਦਰਪਾਲ ਸਿੰਘ
ਐਕਸੀਅਨ ਬਿਕਰਮ ਸਿੰਘ
ਐੱਸ.ਡੀ.ਓ. ਸੁਖਰਿਪਨ ਪਾਲ ਸਿੰਘ
ਐੱਸ.ਡੀ.ਓ. ਸ਼ੁਭਮ ਸਿੰਘ
ਜੇ.ਈ. ਮਨਪ੍ਰੀਤ ਸਿੰਘ
ਮਨਦੀਪ ਸਿੰਘ
Read More : ਵਿਕਸਿਤ ਭਾਰਤ-ਜੀ ਰਾਮ ਜੀ ਗਰੀਬਾਂ ਨਾਲ ਭੱਦਾ ਮਜ਼ਾਕ : ਅਮਨ ਅਰੋੜਾ
