ਕਿਹਾ – ਜੀ. ਕੇ. ਐਂਡ ਪਾਰਟੀ ਲਗਾ ਰਹੀ ਮੇਰੇ ’ਤੇ ਬੇਬੁਨਿਆਦ ਦੋਸ਼
ਅੰਮ੍ਰਿਤਸਰ, 1 ਸਤੰਬਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਗਿੰਨੀ ਆਪਣਾ ਸਪੱਸ਼ਟੀਕਰਨ ਦੇਣ ਪਹੁੰਚੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ, ਉਥੇ ਹੀ ਉਨ੍ਹਾਂ ਇਸ ਉਪਰੰਤ ਸਕੱਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ’ਤੇ ਲੜਕੀ ਨੂੰ ਵਰਗਲਾਉਣ ਦੇ ਦੋਸ਼ ਸੰਬਧੀ ਲੜਕੀ ਦੇ ਮਾਪਿਆ ਵਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਸ ਸੰਬਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਸਪੱਸ਼ਟੀਕਰਨ ਸੰਬੰਧੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਆਪਣਾ ਪੱਖ ਰੱਖਣ ਲਈ ਆਏ ਹਨ।
ਮੈਂਬਰ ਭੁਪਿੰਦਰ ਸਿੰਘ ਗਿੰਨੀ ਨੇ ਦੱਸਿਆ ਕਿ ਉਨ੍ਹਾਂ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਝੂਠੀਆਂ ਤਸਵੀਰਾਂ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਮਨਜੀਤ ਸਿੰਘ ਜੀ. ਕੇ ਅਤੇ ਉਨ੍ਹਾਂ ਦੇ ਸਾਥੀਆ ਵਲੋਂ ਕੀਤੀ ਜਾ ਰਹੀ ਹੈ ਜੋ ਕਿ ਇਸ ਮੁੱਦੇ ’ਤੇ ਸਿਆਸੀ ਰੋਟੀਆਂ ਸੇਕ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪਹੁੰਚ ਅਸੀਂ ਆਪਣਾ ਪੱਖ ਰੱਖਿਆ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਵੀ ਹੁਕਮ ਆਵੇਗਾ ਅਸੀਂ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ।
Read More : 7 ਕਿਲੋ ਹੈਰੋਇਨ ਸਣੇ ਨਸ਼ਾ ਸਮੱਗਲਰ ਗ੍ਰਿਫਤਾਰ