Kangana Ranaut

ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਸੰਮਨ ਜਾਰੀ, ਸੁਣਵਾਈ 29 ਨੂੰ ਹੋਵੇਗੀ

ਬਜ਼ੁਰਗ ਕਿਸਾਨ ਔਰਤ ’ਤੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ

ਬਠਿੰਡਾ, 16 ਸਤੰਬਰ :-ਕਿਸਾਨ ਅੰਦੋਲਨ ਦੌਰਾਨ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਬਠਿੰਡਾ ਦੀ ਅਦਾਲਤ ਨੇ ਇਕ ਵਾਰ ਫਿਰ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ।

ਮਹਿੰਦਰ ਕੌਰ ਦੇ ਵਕੀਲ ਰਘੁਵੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਪਹਿਲਾਂ ਵੀ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਪ੍ਰਾਪਤ ਨਹੀਂ ਹੋਏ। ਇਸ ’ਤੇ ਸੋਮਵਾਰ ਨੂੰ ਅਦਾਲਤ ਨੇ ਐੱਸ. ਐੱਸ. ਪੀ. ਰਾਹੀਂ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਐਡਵੋਕੇਟ ਬਹਿਣੀਵਾਲ ਨੇ ਕਿਹਾ ਕਿ ਅਦਾਲਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜਲਦੀ ਹੀ ਇਕ ਅਰਜ਼ੀ ਦਾਇਰ ਕੀਤੀ ਜਾਵੇਗੀ, ਜਿਸ ’ਚ ਕੰਗਨਾ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਉਹ ਕਾਨੂੰਨੀ ਪ੍ਰਕਿਰਿਆ ਤੋਂ ਬਚ ਨਾ ਸਕੇ।

ਧਿਆਨਦੇਣ ਯੋਗ ਹੈ ਕਿ ਕੰਗਨਾ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਕਿਸਾਨ ਔਰਤ ਮਹਿੰਦਰ ਕੌਰ ’ਤੇ ਟਿੱਪਣੀ ਕਰਨ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਉਸਨੂੰ ਕਿਤੇ ਵੀ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਵੀ ਉਸਦੀ ਅਪੀਲ ਰੱਦ ਕਰ ਦਿੱਤੀ।

ਕਿਸਾਨ ਸੰਗਠਨਾਂ ਅਤੇ ਸਮਾਜ ਸੇਵਕਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਇਕ ਬਜ਼ੁਰਗ ਔਰਤ ਦਾ ਅਪਮਾਨ ਕਰਨ ਦੇ ਇਸ ਮਾਮਲੇ ’ਚ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ।

Read More : ਹਿਮਾਚਲ ‘ਚ ਮੀਂਹ ਦਾ ਕਹਿਰ, ਦੁਕਾਨਾਂ ਅਤੇ ਬੱਸਾਂ ਰੁੜ੍ਹੀਆਂ

Leave a Reply

Your email address will not be published. Required fields are marked *